ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ ਡਵੀਜ਼ਨ 1 ਦੀ ਪੁਲਿਸ ਨੇ ਦੇਰ ਸ਼ਾਮ ਡੀਸੀਪੀ ਗੁਰਮੀਤ ਸਿੰਘ ਤੇ ਏਡੀਸੀਪੀ ਸਿਟੀ-1 ਸੁਡਰਵਿਲੀ ਅਗਵਾਈ 'ਚ ਸੈਕਰਡ ਹਾਰਟ ਹਸਪਤਾਲ ਮਕਸੂਦਾਂ ਦੇ ਨਜ਼ਦੀਕ ਸਥਿਤ ਜਮੁਨਾ ਮੈਡੀਕਲ ਸਟੋਰ ਤੇ ਗੌਰਵ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਥਾਣਾ ਡਵੀਜ਼ਨ 1 ਦੇ ਮੁੱਖੀ ਇੰਸਪੈਕਟਰ ਸਤਵੰਤ ਸਿੰਘ ਸਮੇਤ ਸੈਕਰਡ ਹਾਰਟ ਹਸਪਤਾਲ, ਮਕਸੂਦਾਂ ਨੇੜੇ ਜਮੁਨਾ ਮੈਡੀਕਲ ਤੇ ਗੌਰਵ ਮੈਡੀਕਲ ਸਟੋਰ 'ਤੇ ਡਰੱਗ ਇੰਸਪੈਕਟਰ ਦੀ ਸਹਾਇਤਾ ਨਾਲ ਛਾਪੇਮਾਰੀ ਕੀਤੀ ਗਈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਮੁਨਾ ਮੈਡੀਕਲ ਸਟੋਰ ਤੇ ਗੌਰਵ ਮੈਡੀਕਲ ਸਟੋਰ ਤੋਂ ਕਰੀਬ 15 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜਮੁਨਾ ਮੈਡੀਕਲ ਸਟੋਰ ਤੋਂ ਦਵਾਈਆਂ ਦਾ ਕੋਈ ਵੀ ਬਿਲ ਨਾ ਮਿਲਣ 'ਤੇ ਸਟੋਰ ਮਾਲਕ ਨੂੰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਦੇ ਮਾਲਕਾਂ ਨੂੰ ਨੋਟਿਸ ਭੇਜੇ ਜਾਣਗੇ ਤੇ ਇਨ੍ਹਾਂ ਦੇ ਲਾਇਸੰਸ ਰੱਦ ਕੀਤੇ ਜਾਣਗੇ। ਇਸ ਮੌਕੇ ਡੀਸੀਪੀ ਗੁਰਮੀਤ ਸਿੰਘ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਵੀ ਕੀਤਾ।