ਰਾਕੇਸ਼ ਗਾਂਧੀ, ਜਲੰਧਰ

ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਨੰਬਰ 6 ਦੇ ਮੁੱਖੀ ਸੁਰਜੀਤ ਸਿੰਘ ਗਿੱਲ ਵੱਲੋਂ ਪੁਲਿਸ ਪਾਰਟੀ ਸਮੇਤ ਜੋਤੀ ਨਗਰ ਵਿੱਚ ਚੱਲ ਰਹੇ ਇੱਕ ਨਾਜਾਇਜ਼ ਹੁੱਕਾ ਬਾਰ 'ਤੇ ਛਾਪੇਮਾਰੀ ਕਰਦੇ ਹੋਏ ਉਕਤ ਬਾਰ ਚਲਾਉਣ ਵਾਲੇ ਮਾਲਕ, ਸਟਾਫ ਅਤੇ ਇਕ ਗਾਹਕ ਨੂੰ ਗਿ੍ਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦਕਿ ਪੁਲਿਸ ਵੱਲੋਂ ਦੋ ਵਿਦਿਆਰਥੀਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਪੁਲਿਸ ਨੇ ਹੁੱਕਾਬਾਰ ਤੋਂ ਕਈ ਹੁੱਕੇ ਅਤੇ ਫਲੇਵਰ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਏਸੀਪੀ ਮਾਡਲ ਤੋਂ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਨੰਬਰ ਛੇ ਦੇ ਮੁਖੀ ਸੁਰਜੀਤ ਸਿੰਘ ਗਿੱਲ, ਇੰਸਪੈਕਟਰ ਅਜੈਬ ਸਿੰਘ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਨਕਮ ਟੈਕਸ ਕਾਲੋਨੀ ਲਾਗੇ ਬੱਬੀ ਬਾਰ ਐਂਡ ਲਾਂਚ ਵਿੱਚ ਪ੍ਰਸ਼ਾਸਨ ਦੀਆਂ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਨਾਜਾਇਜ਼ ਤੌਰ 'ਤੇ ਉੱਥੇ ਲੋਕਾਂ ਨੂੰ ਹੁੱਕਾ ਪਿਆਇਆ ਜਾ ਰਿਹਾ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਬੀ ਬਾਰ ਐਂਡ ਲਾਂਜ 'ਤੇ ਛਾਪੇਮਾਰੀ ਕਰਕੇ ਬਾਗ਼ ਦੇ ਮਾਲਕ ਅਮਨਦੀਪ ਸਿੰਘ ਵਾਸੀ ਰਣਜੀਤ ਐਵੇਨਿਊ ਅੰਮਿ੍ਤਸਰ ਹਾਲ ਵਾਸੀ ਜੋਤੀ ਨਗਰ ਜਲੰਧਰ, ਮੈਨੇਜਰ ਅਭੀ ਵਾਸੀ ਜੋਤੀ ਨਗਰ,ਰਾਜੂ ਵਾਸੀ ਜੋਤੀ ਨਗਰ, ਪਿ੍ਰੰਸ ਵਾਸੀ ਅਬਾਦਪੁਰਾ ਅਤੇ ਇੱਕ ਗਾਹਕ ਅਸ਼ਾਂਤ ਵਾਸੀ ਜੋਤੀ ਨਗਰ ਨੂੰ ਕਾਬੂ ਕਰਕੇ ਬਾਹਰ ਵਿੱਚੋਂ 6 ਹੁੱਕੇ, 2 ਪੈਕੇਟ ਨੋਜ਼ਲ,5 ਰਾਇਲ ਸਮੋਕਿੰਗ ,5 ਪੈਕੇਟ ਕੋਲਾ,2 ਚਿਲਮਾਂ,3 ਕੋਕਿਆਂ,4 ਹੁੱਕਾ ਪਾਈਪ ਅਤੇ 2 ਡੱਬੇ ਖੁੱਲ੍ਹੇ ਫਲੇਵਰ ਦੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਏਸੀਪੀ ਗਿੱਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

2 ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਚਿਤਾਵਨੀ ਦੇ ਕੇ ਛੱਡਿਆ

ਏਸੀਪੀ ਗਿੱਲ ਨੇ ਦੱਸਿਆ ਕਿ ਬਾਰ ਵਿੱਚ ਦੋ ਅਜਿਹੇ ਵਿਦਿਆਰਥੀ ਵੀ ਹੁੱਕਾ ਪੀ ਰਹੇ ਸਨ ਜਿਨ੍ਹਾਂ ਦਾ ਅੱਜ ਹੀ ਪ੍ਰਰੀਖਿਆ ਦਾ ਨਤੀਜਾ ਐਲਾਨਿਆ ਸੀ ਜਿਸ ਦੀ ਉਹ ਖੁਸ਼ੀ ਮਨਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਾਪਿਆਂ ਨੂੰ ਮੌਕੇ 'ਤੇ ਬੁਲਾ ਕੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਹੋਰ ਵੀ ਹੁੱਕਾਬਾਰਾਂ ਅਤੇ ਮਸਾਜ ਪਾਰਲਰਾਂ 'ਤੇ ਹੋਵੇਗੀ ਕਾਰਵਾਈ

ਏਸੀਪੀ ਹਰਿੰਦਰ ਸਿੰਘ ਗਿੱਲ ਨੇ ਇਲਾਕੇ ਵਿੱਚ ਨਾਜਾਇਜ਼ ਤੌਰ 'ਤੇ ਚੱਲ ਰਹੇ ਹੁੱਕਾਬਾਰ ਅਤੇ ਮਸਾਜ ਪਾਰਲਰਾਂ ਦੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਤੁਰੰਤ ਆਪਣਾ ਕਾਰੋਬਾਰ ਬੰਦ ਕਰ ਦੇਣ ਜੇਕਰ ਉਨ੍ਹਾਂ ਨੇ ਆਪਣੇ ਕਾਰੋਬਾਰ ਜਲਦ ਬੰਦ ਨਾ ਕੀਤੇ ਤੇ ਉਨ੍ਹਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕੀਤਾ ਜਾਵੇਗਾ।

ਪੀਪੀਆਰ ਮਾਲ ਅਤੇ ਮਾਡਲ ਟਾਊਨ ਵਿੱਚ ਹੈ ਹੁੱਕਾ ਬਾਰ ਤੇ ਮਸਾਜ ਪਾਰਲਰ

ਪੀਪੀਆਰ ਮਾਲ ਅਤੇ ਮਾਡਲ ਟਾਊਨ ਵਿੱਚ ਕਈ ਅਜਿਹੇ ਨਾਜਾਇਜ਼ ਹੁੱਕਾ ਬਾਰ ਚੱਲ ਰਹੇ ਹਨ। ਪੀ ਪੀ ਆਰ ਮਾਲ ਵਿੱਚ ਤਾਂ ਕਾਫ਼ੀ ਹੁੱਕਾ ਬਾਰ ਚੱਲ ਰਹੇ ਹਨ ਜਿਨ੍ਹਾਂ ਤੇ ਪਿਛਲੇ ਦਿਨੀਂ ਵੀ ਕਾਰਵਾਈ ਹੋਈ ਸੀ ਪਰ ਫੇਰ ਵੀ ਉਹ ਹੁੱਕਾ ਚਲਾਣ ਵਾਲੇ ਬਾਜ਼ ਨਹੀਂ ਆ ਰਹੇ ਅਤੇ ਰਾਤ ਇੱਕ ਇੱਕ ਵਜੇ ਤੱਕ ਆਪਣੇ ਹੁੱਕਾ ਬਾਰ ਚਲਾ ਰਹੇ ਹਨ। ਕਈ ਹੁੱਕਾ ਬਾਰ ਦੇ ਮਾਲਕ ਤਾਂ ਆਪਣੇ ਬਾਰ ਦਾ ਮੁੱਖ ਦਰਵਾਜ਼ਾ ਬੰਦ ਕਰਕੇ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਿਛਲੇ ਪਾਸੇ ਛੋਟਾ ਗੇਟ ਖੋਲ੍ਹ ਕੇ ਆਪਣੇ ਗਾਹਕਾਂ ਨੂੰ ਉਧਰੋ ਹੀ ਬਾਹਰ ਕੱਢ ਰਹੇ ਹਨ। ਇਸੇ ਤਰ੍ਹਾਂ ਪੀ ਪੀ ਆਰ ਮਾਲ ਦੀਆਂ ਉਪਰਲੀਆਂ ਮੰਜ਼ਿਲ ਤੇ ਸ਼ਰੇਆਮ ਮਸਾਜ ਪਾਰਲਰ ਚੱਲ ਰਹੇ ਹਨ ਜਿਨ੍ਹਾਂ ਵਿੱਚ ਮਸਾਜ ਦੇ ਨਾਂ ਤੇ ਦੇਹ ਵਪਾਰ ਦਾ ਧੰਦਾ ਹੋ ਰਿਹਾ ਹੈ।