ਜੇਐੱਨਐੱਨ, ਜਲੰਧਰ : ਗਰਭ 'ਚ ਪਲ਼ ਰਹੇ ਬੱਚੇ ਦਾ ਿਲੰਗ ਨਿਰਧਾਰਤ ਕਰਨ ਦੇ ਮਾਮਲੇ ਨੂੰ ਲੈ ਕੇ ਇਕ ਮਹੀਨੇ ਅੰਦਰ ਜਲੰਧਰ 'ਚ ਸ਼ੁੱਕਰਵਾਰ ਸ਼ਾਮ ਨੂੰ ਦੂਜੀ ਵਾਰ ਸਿਹਤ ਵਿਭਾਗ ਨੇ ਸਟਿੰਗ ਆਪਰੇਸ਼ਨ ਕਰ ਕੇ ਛਾਪੇਮਾਰੀ ਕੀਤੀ। ਟੀਮ ਨੇ ਮੌਕੇ 'ਤੇ ਅਲਟ੍ਰਾਸਾਊਂਡ ਸਕੈਨਿੰਗ ਮਸ਼ੀਨ, ਰਿਕਾਰਡ ਤੇ ਿਲੰਗ ਨਿਰਧਾਰਨ ਤੇ ਗਰਭਪਾਤ ਕਰਨ ਲਈ ਡਾਕਟਰ ਨੂੰ ਦਿੱਤੇ ਪੈਸੇ ਵੀ ਬਰਾਮਦ ਕਰ ਲਏ। ਸਿਹਤ ਵਿਭਾਗ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਟੀਮ ਨੇ ਕਰੀਬ 6 ਘੰਟੇ ਤਕ ਰਿਕਾਰਡ ਖੰਗਾਲਿਆ ਤੇ ਦੇਰ ਰਾਤ ਤਕ ਕਾਰਵਾਈ ਚਲਦੀ ਰਹੀ।

ਸ਼ੁੱਕਰਵਾਰ ਸ਼ਾਮ ਨੂੰ ਸਿਹਤ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸ ਤੇ ਡਾਕਟਰਾਂ ਦੀ ਟੀਮ ਨੇ ਪਠਾਨਕੋਟ ਚੌਕ ਸਥਿਤ ਬਾਘਾ ਹਸਪਤਾਲ ਤੇ ਮੈਟਰਨਿਟੀ ਹੋਮ 'ਚ ਸਟਿੰਗ ਆਪਰੇਸ਼ਨ ਕੀਤਾ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸ ਦੇ ਇੰਚਾਰਜ ਵਿਕਾਸ ਪੁਰੀ, ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਨਵਾਂਸ਼ਹਿਰ ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਲੁਧਿਆਣਾ ਡਾ. ਐੱਸਪੀ ਸਿੰਘ, ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਜਲੰਧਰ ਡਾ. ਰਮਨ ਗੁਪਤਾ, ਡਿਸਟਿ੍ਕਟ ਪ੍ਰਰੋਗਰਾਮ ਅਫ਼ਸਰ ਜੀਐੱਸ ਰੰਧਾਵਾ ਤੇ ਜ਼ਿਲ੍ਹਾ ਅਥਾਰਟੀ ਡਾ. ਸਤਪਾਲ ਦੀ ਅਗਵਾਈ 'ਚ ਟੀਮ ਮੌਕੇ 'ਤੇ ਪਹੁੰਚੀ। ਡਿਟੈਕਟਿਵ ਕੰਪਨੀ ਨੇ ਗਰਭਵਤੀ ਅੌਰਤ ਨੂੰ ਫ਼ਰਜ਼ੀ ਮਰੀਜ਼ ਬਣਾ ਕੇ ਹਸਪਤਾਲ ਦੇ ਡਾ. ਹਰਜੀਤ ਸਿੰਘ ਕੰਗ ਕੋਲ ਿਲੰਗ ਨਿਰਧਾਰਨ ਜਾਂਚ ਤੇ ਗਰਭਪਾਤ ਲਈ ਭੇਜਿਆ। ਦਲਾਲ ਰਾਹੀਂ 20 ਹਜ਼ਾਰ ਰੁਪਏ 'ਚ ਪੂਰਾ ਪੈਕੇਜ ਤੈਅ ਹੋਇਆ। ਅਲਟ੍ਰਾਸਾਊਂਡ ਸਕੈਨਿੰਗ ਕਰਵਾਉਣ ਤੋਂ ਬਾਅਦ ਡਾਕਟਰ ਨੂੰ 19 ਹਜ਼ਾਰ 600 ਰੁਪਏ ਦਿੱਤੇ ਗਏ ਤੇ ਟੀਮ ਮੌਕੇ 'ਤੇ ਪਹੁੰਚ ਗਈ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਾਕਟਰ ਫ਼ਰਾਰ ਹੋ ਗਿਆ ਤੇ ਟੀਮ ਨੇ 16 ਹਜ਼ਾਰ ਰੁਪਏ ਬਰਾਮਦ ਕਰ ਲਏ।

ਡਾ. ਚਾਵਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਮੌਕੇ 'ਤੇ ਪੁਲਿਸ ਬੁਲਾ ਕੇ ਅਲਟ੍ਰਾਸਾਊਂਡ ਸਕੈਨਿੰਗ ਮਸ਼ੀਨ, ਹਸਪਤਾਲ ਦਾ ਰਿਕਾਰਡ ਤੇ ਬਰਾਮਦ ਹੋਏ ਪੈਸੇ ਪੁਲਿਸ ਨੂੰ ਸੌਂਪ ਦਿੱਤੇ ਹਨ।

ਹਸਪਤਾਲ ਦਾ ਡਾਕਟਰ ਪਹਿਲਾਂ ਵੀ ਿਲੰਗ ਨਿਰਧਾਰਨ ਦੇ ਦੋਸ਼ 'ਚ ਫੜਿਆ ਜਾ ਚੁੱਕੈ

ਸਿਹਤ ਵਿਭਾਗ ਦੀ ਛਾਪੇਮਾਰੀ ਦੌਰਾਨ ਬਾਘਾ ਹਸਪਤਾਲ ਪਠਾਨਕੋਟ ਚੌਕ ਤੇ ਭੋਗਪੁਰ 'ਚ ਿਲੰਗ ਨਿਰਧਾਰਨ ਕਰਨ ਦੇ ਦੋਸ਼ਾਂ ਕਾਰਨ ਕਾਫ਼ੀ ਚਰਚਾ 'ਚ ਰਹਿ ਚੁੱਕਾ ਹੈ। ਇਸ ਸਬੰਧ 'ਚ ਉਸਦੇ ਖ਼ਿਲਾਫ਼ ਤਿੰਨ ਮਾਮਲੇ ਚੱਲ ਰਹੇ ਹਨ। ਸਾਲ 2018 'ਚ ਅੰਬਾਲਾ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤੇ ਇਸ ਦੀ ਅਲਟ੍ਰਾਸਾਊਂਡ ਸਕੈਨਿੰਗ ਮਸ਼ੀਨ ਸੀਲ ਕਰ ਕੇ ਲੈ ਗਏ ਸਨ। ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ਾਂ 'ਚ ਉਸ ਸਮੇਂ ਤਾਇਨਾਤ ਸਿਵਲ ਸਰਜਨ ਤੇ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਨੂੰ ਹਰਿਆਣਾ ਦੀ ਟੀਮ ਨੂੰ ਸਹਿਯੋਗ ਨਾ ਦੇਣ ਕਾਰਨ ਟਰਾਂਸਫਰ ਕਰ ਦਿੱਤਾ ਗਿਆ ਸੀ।

ਵਿਭਾਗ ਦੀਆਂ ਕਮਜ਼ੋਰੀਆਂ ਕਾਰਨ ਬਚ ਸਕਦਾ ਹੈ ਬਾਘਾ ਹਸਪਤਾਲ ਦਾ ਮਾਲਕ

ਡਿਸਕਵਰੀ ਡਿਟੈਕਟਿਵ ਏਜੰਸੀ ਵੱਲੋਂ ਕੀਤੇ ਗਏ ਸਟਿੰਗ ਆਪਰੇਸ਼ਨ 'ਚ ਇਸ ਵਾਰ ਦੁਬਾਰਾ ਵੀਡੀਓ ਰਿਕਾਰਡਿੰਗ ਜਾਂ ਕੋਈ ਅਜਿਹਾ ਪੁਖ਼ਤਾ ਸਬੂਤ ਨਹੀਂ ਜੁਟਾਏ ਜਾ ਸਕੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਰਤਨ ਹਸਪਤਾਲ 'ਚ ਵੀ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਤੇ ਕਈ ਕਮਜ਼ੋਰੀਆਂ ਕਾਰਨ ਮਾਮਲਾ ਠੰਢੇ ਬਸਤੇ 'ਚ ਪੈ ਗਿਆ। ਬਾਘਾ ਹਸਪਤਾਲ ਦਾ ਡਾਕਟਰ ਵੀ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਵਿਭਾਗ ਤੇ ਪੁਲਿਸ ਦੀ ਟੀਮ ਉਸ ਨੂੰ ਫੜਨ 'ਚ ਨਾਕਾਮ ਰਹੀ ਤੇ ਟੀਮ ਨੂੰ ਮੌਕੇ 'ਤੇ 19600 'ਚੋਂ ਸਿਰਫ਼ 16000 ਰੁਪਏ ਹੀ ਬਰਾਮਦ ਹੋਏ ਹਨ ਜੋ ਚਿੰਨ੍ਹਤ ਕੀਤੇ ਗਏ ਸਨ।

ਸ਼ਿਕਾਇਤ 'ਤੇ ਮਾਮਲਾ ਕੀਤਾ ਦਰਜ : ਥਾਣਾ ਇੰਚਾਰਜ

ਹਸਪਤਾਲ 'ਚ ਹੋਈ ਛਾਪੇਮਾਰੀ ਦੇ ਮਾਮਲੇ 'ਚ ਥਾਣਾ 8 ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਨਿੱਜੀ ਹਸਪਤਾਲ 'ਚ ਲਿੰਗ ਨਿਰਧਾਰਨ ਟੈਸਟ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਤੇ ਮਿਸ਼ਨ ਡਿਸਕਵਰੀ ਡਿਟੈਕਟਿਵ ਦੀ ਟੀਮ ਹਸਪਤਾਲ 'ਚ ਪਹੁੰਚੀ ਸੀ। ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਹਸਪਤਾਲ 'ਚ ਿਲੰਗ ਨਿਰਧਾਰਨ ਦਾ ਟੈਸਟ ਹੋ ਰਿਹਾ ਹੈ। ਟੀਮ ਨੂੰ ਉੱਥੋਂ ਪੁਖ਼ਤਾ ਸਬੂਤ ਮਿਲੇ ਹਨ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।