ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਦੇਸ਼ ਭਰ ਵਿਚ ਟਰੇਡ ਯੂਨੀਅਨਾਂ ਦੀ ਭਲਕੇ ਹੋਣ ਜਾ ਰਹੀ ਹੜਤਾਲ ਵਿਚ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਵੀ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਪ੍ਰਧਾਨਗੀ ਹੇਠ ਨਿਗਮ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿਚ ਹੋਣ ਜਾ ਰਹੀ ਹੜਤਾਲ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ। ਇਕ ਬਿਆਨ ਰਾਹੀਂ ਚੰਦਨ ਗਰੇਵਾਲ ਨੇ ਕਿਹਾ ਹੈ ਕਿ ਨਗਰ ਨਿਗਮ ਦੇ ਟਾਊਨ ਹਾਲ ਵਿਚ ਹੋਈ ਮੀਟਿੰਗ ਵਿਚ ਨਗਰ ਨਿਗਮ ਦੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਤੋਂ ਇਲਾਵਾ ਮਿਨੀਸਟ੍ਰੀਅਲ ਸਟਾਫ ਯੂਨੀਅਨ, ਮਿਊਂਨਸੀਪਲ ਇੰਪਲਾਈਜ਼ ਯੂਨੀਅਨ, ਐੱਸਸੀ/ਬੀਸੀ ਯੂਨੀਅਨ, ਨਗਰ ਨਿਗਮ ਸੇਵਾਦਾਰ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਊਂਸਪਲ ਕਰਮਚਾਰੀ ਦਲ, ਨਿਗਮ ਸਫਾਈ ਮਜ਼ਦੂਰ ਯੂਨੀਅਨ ਆਦਿ ਨੇ ਹਿੱਸਾ ਲਿਆ। ਮੀਟਿੰਗ ਵਿਚ ਨਿਗਮ ਅਤੇ ਫੀਲਡ ਸਟਾਫ ਦੇ ਪੂਰਨ ਤੌਰ 'ਤੇ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਵਿਨੋਦ ਮੱਦੀ, ਬੰਟੂ ਸੱਭਰਵਾਲ, ਮਨਦੀਪ ਸਿੰਘ, ਰਾਜਨ ਗੁਪਤਾ, ਵਿਨੋਦ ਗਿੱਲ, ਅਸ਼ੋਕ ਭੀਲ, ਸੋਮਨਾਮ ਮਹਿਤਪੁਰੀ, ਸਚਿਨ ਬਤਰਾ ਸਮੇਤ ਹੋਰ ਯੂਨੀਅਨਾਂ ਦੇ ਆਗੂਆਂ ਨੇ ਹਿੱਸਾ ਲਿਆ।