ਜੇਐੱਨਐੱਨ, ਜਲੰਧਰ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸਰਕਾਰੀ ਮਕਾਨ ਮੰਡਰਾਉਂਦੀ ਹੋਈ ਮੌਤ ਬਣਦੇ ਜਾ ਰਹੇ ਹਨ ਪਰ ਇਨ੍ਹਾਂ ਦੀ ਮੁਰੰਮਤ ਨੂੰ ਲੈ ਕੇ ਅਫ਼ਸਰਸ਼ਾਹੀ ਨੇ ਬੇਹੱਦ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਅਪਣਾ ਰੱਖਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਬਾਰਾਂਦਰੀ 'ਚ ਤਕਰੀਬਨ 10 ਦਿਨ ਪਹਿਲਾਂ ਹੀ ਇਕ ਮਕਾਨ ਦੀ ਛੱਤ ਡਿੱਗਣ ਦੇ ਬਾਵਜੂਦ ਅਫ਼ਸਰਸ਼ਾਹੀ ਨੇ ਕੋਈ ਸਬਕ ਨਹੀਂ ਲਿਆ ਤੇ ਇਨ੍ਹਾਂ ਮਕਾਨਾਂ ਦੀ ਮੁਰੰਮਤ ਲਈ ਕਾਹਲੀ 'ਚ ਤਿਆਰ ਕਰਵਾਇਆ ਗਿਆ 28 ਲੱਖ ਰੁਪਏ ਦਾ ਬਜਟ ਵੀ ਹਾਲੇ ਫਾਈਲਾਂ ਦੀ ਹੀ ਸੈਰ ਕਰਦਾ ਦਿਖਾਈ ਦੇ ਰਿਹਾ ਹੈ। ਲਾਪਰਵਾਹੀ ਦਾ ਆਲਮ ਇਹ ਹੈ ਕਿ ਬਜਟ ਤਿਆਰ ਹੋ ਗਿਆ ਹੈ ਪਰ ਅਫ਼ਸਰਸ਼ਾਹੀ ਦੇ ਦਸਤਖ਼ਤਾਂ ਦੀ ਸ਼ਰਤ ਪੂਰੀ ਨਹੀਂ ਕਰ ਸਕਿਆ।

ਸਰਕਾਰੀ ਮੁਲਾਜ਼ਮਾਂ ਨੂੰ ਇਨ੍ਹਾਂ ਮਕਾਨਾਂ 'ਚ ਰਹਿਣ ਲਈ ਬਕਾਇਦਾ ਆਪਣੀ ਤਨਖ਼ਾਹ 'ਚੋਂ ਕਿਰਾਇਆ ਕਟਵਾਉਣਾ ਪੈਂਦਾ ਹੈ। ਇਸ ਦੇ ਬਾਵਜੂਦ ਇਨ੍ਹਾਂ ਮਕਾਨਾਂ ਦੇ ਰੱਖ-ਰਖਾਅ ਦਾ ਜ਼ਿੰਮੇਵਾਰ ਲੋਕ ਨਿਰਮਾਣ ਵਿਭਾਗ ਪੈਸਾ ਨਾ ਹੋਣ ਦਾ ਰੋਣਾ ਰੋਂਦਿਆਂ ਮੁਰੰਮਤ ਤੱਕ ਨਹੀਂ ਕਰਵਾ ਰਿਹਾ। ਹਾਲਾਂਕਿ 10 ਦਿਨ ਪਹਿਲਾਂ ਸਰਕਾਰੀ ਮਕਾਨ ਦੀ ਛੱਤ ਡਿੱਗਣ ਤੋਂ ਬਾਅਦ ਹਲਕਾ ਵਿਧਾਇਕ ਰਾਜਿੰਦਰ ਬੇਰੀ ਨੇ ਲੋਕ ਨਿਰਮਾਣ ਵਿਭਾਗ ਦੇ ਐਕਸਈਅਨ ਬੀਐੱਸ ਤੁਲੀ ਨੂੰ ਮਕਾਨਾਂ ਦੀ ਮੁਰੰਮਤ ਦਾ ਬਜਟ ਛੇਤੀ ਤਿਆਰ ਕਰਵਾਉਣ ਨੂੰ ਕਿਹਾ ਸੀ ਤੇ ਨਾਲ ਹੀ ਭਰੋਸਾ ਦਿੱਤਾ ਸੀ ਕਿ ਉਹ ਚੰਡੀਗੜ੍ਹ ਤੋਂ ਮੁਰੰਮਤ ਲਈ ਤੁਰੰਤ ਪੈਸੇ ਵੀ ਜਾਰੀ ਕਰਵਾਉਣਗੇ। ਇਸ ਗੱਲ ਦੀ ਪੁਸ਼ਟੀ ਖ਼ੁਦ ਐਕਸੀਅਨ ਬੀਐੱਸ ਤੁਲੀ ਨੇ ਕੀਤੀ ਸੀ।

ਹੈਰਾਨੀ ਇਸ ਗੱਲ ਦੀ ਹੈ ਕਿ 10 ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਬਜਟ ਸਬੰਧੀ ਫਾਈਲ ਚੰਡੀਗੜ੍ਹ ਨਹੀਂ ਪਹੁੰਚ ਸਕੀ। ਐਕਸੀਅਨ ਬੀਐੱਸ ਤੁਲੀ ਨੇ ਕਿਹਾ ਕਿ ਬਜਟ ਫਾਈਲ ਤਾਂ ਤਿਆਰ ਹੈ ਪਰ ਐੱਸਈ ਦਫ਼ਤਰ 'ਚ ਭੇਜੀ ਗਈ ਹੈ ਤੇ ਉੱਥੋਂ ਮਨਜ਼ੂਰੀ ਮਿਲਦਿਆਂ ਹੀ ਫਾਈਲ ਨੂੰ ਚੰਡੀਗੜ੍ਹ ਭੇਜਿਆ ਜਾਵੇਗਾ। ਸ਼ੁੱਕਰਵਾਰ ਤੱਕ ਬਜਟ ਦੀ ਫਾਈਲ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਦੇ ਮਕਾਨਾਂ 'ਚ ਚਮਕ-ਦਮਕ ਪੂਰੀ

ਮੁਲਾਜ਼ਮਾਂ ਦੇ ਮਕਾਨਾਂ ਦੀ ਮੁਰੰਮਤ ਲਈ ਪੈਸੇ ਨਾ ਹੋਣ ਦਾ ਰੋਣਾ ਰੋਣ ਵਾਲਾ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਦੇ ਸਰਕਾਰੀ ਮਕਾਨਾਂ ਨੂੰ ਲਗਾਤਾਰ ਚਮਕਾ ਕੇ ਰੱਖਦਾ ਹੈ। ਅਧਿਕਾਰੀਆਂ ਦੇ ਮਕਾਨ ਗੇਟ ਤੋਂ ਹੀ ਚਮਕੇ ਹੋਏ ਨਜ਼ਰ ਆਉਂਦੇ ਹਨ ਤੇ ਇੱਥੋਂ ਬਕਾਇਦਾ ਤੌਰ 'ਤੇ ਸਜਾਵਟ ਵੀ ਕਰਵਾਈ ਜਾਂਦੀ ਹੈ। ਬਾਰਾਂਦਰੀ 'ਚ ਹੀ ਸਥਿਤ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਮਕਾਨਾਂ ਦੀ ਮੁਰੰਮਤ ਦੀ ਮੰਗ ਉੱਠਦਿਆਂ ਹੀ ਲੋਕ ਨਿਰਮਾਣ ਵਿਭਾਗ ਦੀ ਅਫ਼ਸਰਸ਼ਾਹੀ ਸਬੰਧਿਤ ਮੁਲਾਜ਼ਮ ਨੂੰ ਹੀ ਪੈਸੇ ਖ਼ਰਚ ਕਰ ਕੇ ਸਾਮਾਨ ਲਿਆਉਣ ਦਾ ਫਰਮਾਨ ਜਾਰੀ ਕਰ ਦਿੰਦੀ ਹੈ।