ਜਤਿੰਦਰ ਪੰਮੀ, ਜਲੰਧਰ

ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿਚ 65 ਗੁਣਾ 35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕਿ੍ਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲਾਕਿ੍ਤੀਆਂ ਨਾ ਸਿਰਫ਼ ਲੜਕੀਆਂ ਸਗੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਲਈ ਪ੍ਰਰੇਰਿਤ ਕਰਨਗੀਆਂ। ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣਾਈਆਂ ਗਈਆਂ ਇਹ ਕਲਾਕਿ੍ਤਿਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੇਕਰ ਅਸੀਂ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਦਾ ਮੌਕਾ ਦਿੰਦੇ ਹਾਂ ਤਾਂ ਉਹ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਚਮਕਾ ਸਕਦੀਆਂ ਹਨ। ਉਨ੍ਹਾਂ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਬੇਟੀ ਖਿਡਾਓ ਦਾ ਨਾਅਰਾ ਵੀ ਦਿੱਤਾ।

ਡਿਪਟੀ ਕਮਿਸ਼ਨਰ ਨੇ ਹੰਸਰਾਜ ਸਟੇਡੀਅਮ ਵਿਚ ਚੱਲ ਰਹੀ ਓਲੰਪੀਅਨ ਦਿਪਾਂਕਰ ਭੱਟਾਚਾਰਜੀ ਬੈਡਮਿੰਟਨ ਅਕੈਡਮੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਅਕੈਡਮੀ ਵੱਲੋਂ ਬੀਪੀਐਲ (ਗ਼ਰੀਬ ਪਰਿਵਾਰਾਂ) ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਟ੍ਰੇਨਿੰਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਉਂਕਿ ਬੈਡਮਿੰਟਨ ਇਕ ਮਹਿੰਗੀ ਗੇਮ ਹੈ, ਇਸ ਲਈ ਬੀਪੀਐੱਲ ਪਰਿਵਾਰਾਂ ਦੇ ਜਿਹੜੇ ਬੱਚੇ ਅਕੈਡਮੀ ਵਿਚ ਅਗਾਮੀ ਟਰਾਇਲਾਂ ਵਿਚ ਪਾਸ ਹੋਣਗੇ, ਉਨ੍ਹਾਂ ਨੂੰ ਅਕੈਡਮੀ ਬਿਨਾਂ ਕਿਸੇ ਫੀਸ ਤੋਂ ਮੁਫਤ ਟ੍ਰੇਨਿੰਗ ਦੇਵੇਗੀ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਕੈਡਮੀ ਦੇ 30 ਸਿਖਿਆਰਥੀਆਂ ਨੂੰ ਕੋਰੋਨਾ ਵਾਰੀਅਰਜ਼ ਦੇ ਸਰਟੀਫਿਕੇਟ ਦਿੱਤੇ, ਜਿਨ੍ਹਾਂ ਕੋਰੋਨਾ ਮਹਾਮਾਰੀ ਦੌਰਾਨ ਆਨਲਾਕ-1 ਤਹਿਤ ਆਪਣੀ ਟਰੇਨਿੰਗ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਮੈਨੇਜਮੈਂਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਇਕਲੌਤਾ ਸਟੇਡੀਅਮ ਸੀ, ਜਿਸ ਨੇ ਅਨਲਾਕ-1 ਦੌਰਾਨ 3 ਜੂਨ ਤੋਂ ਖਿਡਾਰੀਆਂ ਦੀ ਟ੍ਰੇਨਿੰਗ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਦੌਰਾਨ ਸੁਰੱਖਿਆ ਸਾਵਧਾਨੀਆਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਗਿਆ। ਇਸ ਮੌਕੇ ਅੰਤਰਿਮ ਕਮੇਟੀ ਦੇ ਮੈਂਬਰ ਰਾਕੇਸ਼ ਖੰਨਾ, ਅਮਨ ਮਿੱਤਲ ਅਤੇ ਰਿਤਿਨ ਖੰਨਾ ਵੀ ਮੌਜੂਦ ਸਨ।

ਸਾਇਨਾ ਤੇ ਸਿੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦਾ ਕੀਤਾ ਧੰਨਵਾਦ

ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿਚ ਟੈਨਿਸ ਸਟਾਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੀ ਗ੍ਰੈਫਿਟੀ ਬਣਾਉਣ 'ਤੇ ਦੋਵੇਂ ਮਹਾਨ ਖਿਡਾਰਨਾਂ ਨੇ ਜਲੰਧਰ ਪ੍ਰਸ਼ਾਸਨ ਅਤੇ ਡਿਸਟਿ੍ਕਟ ਬੈਡਮਿੰਟਨ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਦੋਵਾਂ ਖਿਡਾਰਨਾਂ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਸ ਸਨਮਾਨ ਲਈ ਉਹ ਧੰਨਵਾਦ ਕਰਦੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੈਡਮਿੰਟਨ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਨੇਹਵਾਲ ਨੇ ਸਟੇਡੀਅਮ ਵਿਚ ਬਣਾਈ ਗਈ ਉਨ੍ਹਾਂ ਦੀ ਗ੍ਰੈਫਿਟੀ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਵੀ ਕੀਤੀ ਹੈ।