ਜੇਐੱਨਐੱਨ, ਜਲੰਧਰ : ਥਾਣਾ ਪੰਜ ਦੇ ਖੇਤਰ ਬਬਰੀਕ ਚੌਕ 'ਚ ਐਕਟਿਵਾ ਸਵਾਰ ਦੋ ਗੰੂਗੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਡੇਢ ਲੱਖ ਦੀ ਨਕਦੀ ਨਾਲ ਭਰਿਆ ਪਰਸ ਲੁੱਟ ਲਿਆ। ਪਰਸ ਵਿਚ ਨਕਦੀ ਸਮੇਤ ਦੋ ਮੋਬਾਈਲ, ਸੋਨੇ ਦੀਆਂ ਦੋ ਅੰਗੂਠੀਆਂ ਤੇ ਬੈਂਕ ਪਾਸ ਬੁੱਕ ਸੀ। ਘਟਨਾ ਐਤਵਾਰ ਦੁਪਹਿਰ ਦੀ ਹੈ, ਜਦੋਂ ਉਕਤ ਦੋਵੇਂ ਲੜਕੀਆਂ ਨਿਜਾਤਮ ਨਗਰ ਵਿਚ ਰਹਿੰਦੀ ਆਪਣੀ ਸਹੇਲੀ ਦੇ ਘਰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੀਆਂ ਸਨ। ਪੀੜਤ ਲੜਕੀਆਂ ਦੀ ਪਛਾਣ ਸਰਾਭਾ ਨਗਰ ਵਾਸੀ ਪੂਜਾ ਅਤੇ ਗੋਬਿੰਦਗੜ੍ਹ ਵਾਸੀ ਤਨੂ ਦੇ ਰੂਪ ਵਿਚ ਹੋਈ ਹੈ। ਉਕਤ ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਜਿਸ ਤੋਂ ਬਾਅਦ ਪੀਸੀਆਰ ਮੌਕੇ 'ਤੇ ਪਹੁੰਚੀ। ਪੀਸੀਆਰ ਨੂੰ ਉਕਤ ਲੜਕੀਆਂ ਨੇ ਲਿਖ ਕੇ ਦੱਸਿਆ ਕਿ ਨਿਜਾਤਮ ਨਗਰ ਵਿਚ ਉਨ੍ਹਾਂ ਦੀ ਸਹੇਲੀ ਆਰਤੀ ਦੇ ਘਰ ਵਿਆਹ ਸਮਾਗਮ ਵਿਚ ਉਹ ਜਾ ਰਹੀਆਂ ਸਨ। ਉਹ ਦੋਵੇਂ ਐਕਟਿਵਾ 'ਤੇ ਸਵਾਰ ਹੋ ਕੇ ਬਬਰੀਕ ਚੌਕ ਨੇੜੇ ਮੁੜਨ ਲੱਗੀਆਂ ਤਾਂ ਪਿੱਿਛਓਂ ਤੇਜ਼ ਰਫ਼ਤਾਰ ਨਾਲ ਕਾਲੇ ਰੰਗ ਦੇ ਬਜਾਜ ਪਲਸਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੇ ਤੇਜ਼ੀ ਨਾਲ ਉਨ੍ਹਾਂ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ।

ਉਕਤ ਮਾਮਲੇ ਦੇ ਸਬੰਧ ਵਿਚ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪੰਜ ਦੇ ਏਐੱਸਆਈ ਅਵਤਾਰ ਸਿੰਘ ਨੇ ਕਿਹਾ ਕਿ ਪਰਸ ਵਿਚ ਨਕਦੀ ਨਹੀਂ ਸੀ। ਮੋਬਾਈਲ ਫੋਨ ਅਤੇ ਸੋਨੇ ਦੀਆਂ ਅੰਗੂਠੀਆਂ ਨਾਲ ਬੈਂਕ ਪਾਸ ਬੁੱਕ ਸੀ ਜਿਸ ਵਿਚ ਡੇਢ ਲੱਖ ਰੁਪਏ ਦੀ ਐਂਟਰੀ ਸੀ। ਹਾਲਾਂਕਿ ਉਕਤ ਨੌਜਵਾਨਾਂ ਨੇ ਪੈੱਨ ਨਾਲ ਨੋਟ ਪੇਪਰ 'ਤੇ ਲਿਖ ਕੇ ਸਾਫ-ਸਾਫ ਦੱਸਿਆ ਕਿ ਪਰਸ ਵਿਚ ਦੋ ਮੋਬਾਈਲ ਤੇ ਦੋ ਸੋਨੇ ਦੀਆਂ ਅੰਗੂਠੀਆਂ ਸਮੇਤ ਡੇਢ ਲੱਖ ਰੁਪਏ ਦੀ ਨਕਦੀ ਵੀ ਸੀ ਜਿਸ ਨੂੰ ਉਨ੍ਹਾਂ ਨੇ ਬੈਂਕ ਵਿਚ ਜਮ੍ਹਾਂ ਕਰਵਾਉਣਾ ਸੀ। ਇਸ ਦੇ ਨਾਲ ਹੀ ਏਐੱਸਆਈ ਨੇ ਦੱਸਿਆ ਕਿ ਉਕਤ ਦੋਵੇਂ ਲੜਕੀਆਂ ਵਿਚੋਂ ਜਿਸ ਦਾ ਪਰਸ ਖੋਹਿਆ ਗਿਆ ਹੈ, ਦੇ ਮਾਤਾ ਪਿਤਾ ਸ਼ਹਿਰ ਤੋਂ ਬਾਹਰ ਹਨ। ਉਨ੍ਹਾਂ ਦੇ ਜਲੰਧਰ ਪਹੁੰਚਣ ਤੋਂ ਬਾਅਦ ਬਿਆਨ ਦਰਜ ਕਰ ਕੇ ਪੁਲਿਸ ਮਾਮਲੇ ਵਿਚ ਕੇਸ ਦਰਜ ਕਰੇਗੀ। ਫਿਲਹਾਲ ਪੁਲਿਸ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚ ਰਹੀ ਹੈ। ਐਤਵਾਰ ਹੋਣ ਕਾਰਨ ਆਸ-ਪਾਸ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਸਨ, ਜਿਸ ਕਾਰਨ ਸੋਮਵਾਰ ਨੂੰ ਪੁਲਿਸ ਉਨ੍ਹਾਂ ਦੁਕਾਨਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਵਾ ਕੇ ਮਾਮਲੇ ਵਿਚ ਦੋਸ਼ੀਆਂ ਦਾ ਪਤਾ ਲਗਾ ਸਕੇਗੀ।