ਪੱਤਰ ਪੇ੍ਰਰਕ, ਜਲੰਧਰ : ਪੰਜਾਬੀ ਸਾਹਿਤ ਸਭਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵੱਲੋਂ ਵਿਦਿਆਰਥੀਆਂ ਵਿਚ ਮਾਤ ਭਾਸ਼ਾ ਪੰਜਾਬੀ ਪ੍ਰਤੀ ਦਿਲਚਸਪੀ ਵਧਾਉਣ ਅਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਇਕ ਰੂਬਰੂ ਪੋ੍ਗਰਾਮ ਕਰਵਾਇਆ ਗਿਆ। ਇਸ ਵਿਚ ਉੱਘੇ ਵਿਦਵਾਨ ਤੇ ਸਾਹਿਤਕਾਰ ਡਾ. ਉਮਿੰਦਰ ਸਿੰਘ ਜੌਹਲ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਦੇ ਰੂ-ਬਰੂ ਹੋਏ। ਡਾ. ਜੌਹਲ ਨੇ ਪੰਜਾਬੀ ਭਾਸ਼ਾ ਦੇ ਨਿਕਾਸ ਵਿਕਾਸ ਦਾ ਸਰਵੇਖਣ ਕਰਦੇ ਹੋਏ ਪੰਜਾਬੀ ਸਾਹਿਤ ਵਿਚ ਵਿਦਿਆਰਥੀਆਂ ਦੀ ਚੇਟਕ ਕਿਵੇਂ ਲਾਈਏ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜੌਹਲ ਨੇ ਵਿਦਿਆਰਥੀਆਂ ਨੂੰ ਇਕ ਅਤਿ ਪ੍ਰਰਾਚੀਨ ਅਤੇ ਵਿਗਿਆਨਕ ਸੂਝ ਵਾਲੀ ਪੰਜਾਬੀ ਭਾਸ਼ਾ ਨੂੰ ਸਿੱਖਣ ਅਤੇ ਆਪਣੇ ਜੀਵਨ ਵਿੱਚ ਪੰਜਾਬੀ ਵਿਹਾਰ ਅਤੇ ਸੱਭਿਆਚਾਰ ਨੂੰ ਅਪਨਾਉਣ ਲਈ ਵੀ ਕਿਹਾ। ਪਿੰ੍ਸੀਪਲ ਗੁਰਿੰਦਰਜੀਤ ਕੌਰ ਵੱਲੋਂ ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਪੰਜਾਬੀ ਸਾਹਿਤ ਅਤੇ ਭਾਸ਼ਾ ਬਾਰੇ ਵਡਮੁੱਲੀ ਜਾਣਕਾਰੀ ਲਈ ਡਾ. ਸਾਹਿਬ ਦਾ ਧੰਨਵਾਦ ਕੀਤਾ ਗਿਆ। ਬਲਜੀਤ ਕੌਰ ਬੱਲ ਪੰਜਾਬੀ ਲੈਕਚਰਾਰ ਵੱਲੋਂ ਮੰਚ ਸਕੱਤਰ ਵਜੋਂ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਜੁਝਾਰਵਾਦੀ ਸਾਹਿਤ ਧਾਰਾ ਦੇ ਪਰਪੱਕ ਤੇ ਮਰਹੂਮ ਕਵੀ ਫ਼ਤਹਿਜੀਤ ਸਿੰਘ ਅਤੇ ਉਨ੍ਹਾਂ ਦੇ ਪੰਜਾਬੀ ਸਾਹਿਤ ਜਗਤ ਵਿਚ ਪਾਏ ਪੂਰਨਿਆਂ ਨੂੰ ਵੀ ਯਾਦ ਕੀਤਾ ਗਿਆ। ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ਸੁੰਦਰ ਲੇਖ ਮੁਕਾਬਲਿਆਂ ਤੇ ਸ਼ੁੱਧ ਪੰਜਾਬੀ ਉਚਾਰਨ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।

ਇਸ ਮੌਕੇ ਲੈਕਚਰਾਰ ਮਨਦੀਪ ਕੌਰ, ਕੁਲਵਿੰਦਰ ਕੌਰ, ਕੁਸਮ ਵਾਸੂਦੇਵਾ, ਦਵਿੰਦਰ ਸੈਣੀ ਅਤੇ ਸੁਰਿੰਦਰ ਕੌਰ ਸ਼ਾਮਲ ਸਨ।