ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕਸਬਾ ਲਾਂਬੜਾ ਨੇੜਲੇ ਪਿੰਡ ਬਸ਼ੇਸ਼ਰਪੁਰ ਦੇ ਜੰਮਪਲ ਪ੍ਰਗਟ ਸਿੰਘ ਸੰਧੂ ਅਮਰੀਕਾ ਵਿਖੇ ਕੈਲੇਫੋਰਨੀਆ ਦੇ ਸੈਕਰਾਮੈਂਟੋ ਗਾਲਟ ਸਿਟੀ ਦੇ ਮੇਅਰ ਚੁਣੇ ਗਏ ਹਨ। ਸੰਧੂ ਦੇ ਮੇਅਰ ਚੁਣੇ ਜਾਣ 'ਤੇ ਬਸ਼ੇਸ਼ਰਪੁਰ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਰਮਜੀਤ ਜੱਸਲ ਨੇ ਦੱਸਿਆ ਕਿ ਪ੍ਰਗਟ ਸਿੰਘ ਸੰਧੂ 37 ਸਾਲ ਪਹਿਲਾਂ ਅਮਰੀਕਾ ਪਰਵਾਸ ਕਰ ਗਏ ਸਨ, ਜਿੱਥੇ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਤਰੱਕੀ ਕੀਤੀ। ਉਨ੍ਹਾਂ ਦੀ ਇਲਾਕੇ ਪ੍ਰਤੀ ਮਿਹਨਤ ਤੇ ਸੇਵਾਵਾਂ ਨੂੰ ਦੇਖਦੇ ਹੋਏ ਪਹਿਲਾਂ ਮੈਂਬਰ ਆਫ ਕੌਂਸਲ ਚੁਣਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਮੇਅਰ ਚੁਣ ਲਿਆ ਗਿਆ ਹੈ। ਸਰਪੰਚ ਨੇ ਕਿਹਾ ਕਿ ਐੱਨਆਰਆਈ ਪ੍ਰਗਟ ਸਿੰਘ ਸੰਧੂ ਦੀ ਇਸ ਨਿਯੁਕਤੀ ਨਾਲ ਪਿੰਡ ਦਾ ਮਾਣ ਵਧਿਆ ਹੈ। ਇਸ ਮੌਕੇ ਕਰਮ ਸਿੰਘ ਸੰਧੂ, ਜਸਵਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।