ਰਾਕੇਸ਼ ਗਾਂਧੀ, ਜਲੰਧਰ : ਜਲੰਧਰ ਕਮਿਸ਼ਨਰੇਟ ਦੀ ਪੁਲਿਸ ਨੇ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਸਮਾਜ ਦੀਆਂ ਭਾਵਨਾਵÎਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਨਾਮਜ਼ਦ ਪੰਜਾਬੀ ਕਲਾਕਾਰ ਰਾਣਾ ਜੰਗ ਬਹਾਦਰ ਨੂੰ ਚੰਡੀਗਡ਼੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੰਜਾਬੀ ਕਲਾਕਾਰ ਰਾਣਾ ਜੰਗ ਬਹਾਦਰ ਨੇ ਭਗਵਾਨ ਵਾਲਮੀਕਿ ਬਾਰੇ ਟੀਵੀ ਚੈਨਲ ’ਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਜਿਸ ਤੋਂ ਬਾਅਦ ਸਮਾਜ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਨ ਤੋਂ ਬਾਅਦ ਥਾਣਾ ਬਾਰਾਦਰੀ ਵਿਚ ਰਾਣਾ ਜੰਗ ਬਹਾਦਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਸੀ।

ਕਈ ਵਾਲਮੀਕਿ ਜਥੇਬੰਦੀਆਂ ਵੱਲੋਂ ਰਾਣਾ ਜੰਗ ਬਹਾਦਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਬੀਤੇ ਦਿਨੀਂ ਇਕ ਜਥੇਬੰਦੀ ਵੱਲੋਂ ਉਸ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪੰਜਾਬ ਬੰਦ ਦੀ ਵੀ ਧਮਕੀ ਦਿੱਤੀ ਗਈ ਸੀ। ਰਾਣਾ ਜੰਗ ਬਹਾਦਰ ਵੱਲੋਂ ਆਪਣੀ ਪੇਸ਼ਗੀ ਜ਼ਮਾਨਤ ਲਈ ਅਦਾਲਤ ਵਿਚ ਅਰਜ਼ੀ ਲਗਾਈ ਗਈ ਸੀ ਜਿਸ ਨੂੰ ਮੰਗਲਵਾਰ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ ਗਠਿਤ ਕੀਤੀ ਗਈ ਟੀਮ ਨੇ ਚੰਡੀਗਡ਼੍ਹ ਤੋਂ ਰਾਣਾ ਜੰਗ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਰਾਣਾ ਜੰਗ ਬਹਾਦਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।

ਮੈਂ ਛੋਟਾ ਤਾਂ ਜਿਹਾ ਬੰਦਾ, ਮੈਨੂੰ ਮਾਫ਼ ਕਰ ਦਿਓ

ਜਦ ਅਦਾਲਤ ਨੇ ਰਾਣਾ ਜੰਗ ਬਹਾਦਰ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ ਤਾਂ ਪੁਲਿਸ ਉਸ ਨੂੰ ਲੈ ਕੇ ਕੋਰਟ ਕੰਪਲੈਕਸ ਤੋਂ ਬਾਹਰ ਆ ਰਹੀ ਸੀ ਤਾਂ ਉਸ ਨੇ ਹੱਥ ਜੋਡ਼ ਕੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਤਾਂ ਛੋਟਾ ਜਿਹਾ ਬੰਦਾ ਹੈ, ਉਸ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਸਬੰਧ ਨਹੀਂ ਹੈ। ਉਹ ਵਾਲਮੀਕਿ ਸਮਾਜ ਤੋਂ ਹੱਥ ਜੋਡ਼ ਕੇ ਮੁਆਫੀ ਮੰਗਦਾ ਹੈ, ਉਸ ਨੂੰ ਮੁਆਫ਼ੀ ਦਿਵਾ ਦਿਓ, ਉਸ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਉਦੇਸ਼ ਨਹੀਂ ਸੀ। ਜੋ ਗਲਤੀ ਉਸ ਕੋਲੋਂ ਹੋ ਗਈ ਹੈ, ਉਸ ਲਈ ਉਹ ਵਾਰ-ਵਾਰ ਵਾਲਮੀਕਿ ਸਮਾਜ ਤੋਂ ਮੁਆਫੀ ਮੰਗਦਾ ਹੈ।

Posted By: Tejinder Thind