ਇਬਲੀਸ, ਜਲੰਧਰ : ਸਾਹਿਤ ਦੇ ਖੇਤਰ ਵਿਚ ਦੇਸ਼ ਦੀ ਨਾਮਵਰ ਸੰਸਥਾ 'ਸਾਹਿਤ ਅਕਾਦਮੀ ਦਿੱਲੀ' ਦੇ 'ਪੰਜਾਬੀ ਐਡਵਾਈਜ਼ਰੀ ਬੋਰਡ' 'ਚ ਚੱਲਦੀ ਕਾਟੋ-ਕਲੇਸ਼ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਬਾਰੇ 'ਪੰਜਾਬੀ ਜਾਗਰਣ' 'ਚ ਪ੍ਰਕਾਸ਼ਿਤ ਖ਼ਬਰ ਅਤੇ ਲੇਖਾਂ ਦਾ ਸਖ਼ਤ ਨੋਟਿਸ ਲੈਂਦਿਆਂ ਕੈਨੇਡਾ ਦੀ ਸੰਸਥਾ 'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ' ਦੀ ਵੈਨਕੂਵਰ ਇਕਾਈ ਨੇ ਸਾਹਿਤ ਅਕਾਦਮੀ ਦਿੱਲੀ ਦੇ ਸਕੱਤਰ, ਪ੍ਰਧਾਨ ਅਤੇ ਭਾਰਤ ਸਰਕਾਰ ਦੇ ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰਾਲੇ ਨੂੰ ਈ-ਮੇਲ ਭੇਜ ਕੇ ਅਕਾਦਮੀ ਦੇ ਫੰਡਾਂ ਦੀ ਦੁਰਵਰਤੋਂ ਤੇ ਮੈਂਬਰਾਂ 'ਤੇ ਲੱਗੇ ਭਾਈ-ਭਤੀਜਾਵਾਦ ਦੇ ਦੋਸ਼ਾਂ ਦੀ ਪੜਤਾਲ ਲਈ ਉੱਚ-ਪੱਧਰੀ ਕਮੇਟੀ ਗਠਿਤ ਕੀਤੇ ਜਾਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਨੂੰ ਸਮਰਪਿਤ ਹੈ।

'ਪੰਜਾਬੀ ਜਾਗਰਣ' ਨੇ ਅਕਾਦਮੀ ਦੇ ਪੰਜਾਬੀ ਐਡਵਾਈਜ਼ਰੀ ਬੋਰਡ 'ਚ ਚੱਲ ਰਹੇ ਇਸ ਵਰਤਾਰੇ ਬਾਰੇ 27 ਅਗਸਤ ਨੂੰ 'ਸਾਹਿਤ ਅਕਾਦਮੀ ਦੇ ਪੰਜਾਬੀ ਐਡਵਾਈਜ਼ਰੀ ਬੋਰਡ 'ਚ ਘਾਲ਼ੇ-ਮਾਲ਼ੇ' ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਤੋਂ ਬਾਅਦ ਖ਼ਬਰ ਵਿਚਲੇ ਤੱਥਾਂ ਦੀ ਪੁਸ਼ਟੀ ਕਰਦਾ ਹੋਇਆ ਨਾਮਵਰ ਲੇਖਕ ਮਿੱਤਰ ਸੈਨ ਮੀਤ ਦਾ ਇਕ ਲੇਖ 28 ਅਗਸਤ ਨੂੰ 'ਸਾਹਿਤ ਦੇ ਪੱਜ ਸਰਕਾਰੀ ਪੈਸੇ ਦੀ ਦੁਰਵਰਤੋਂ' ਅਤੇ ਦੂਜਾ ਲੇਖ 30 ਅਗਸਤ ਨੂੰ 'ਸਾਹਿਤ ਅਕਾਦਮੀ ਦਿੱਲੀ ਦਾ ਪੰਜਾਬੀ ਸਾਹਿਤ ਨਾਲ ਪੱਖਪਾਤ' ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ ਸੀ। ਇਹ ਲੇਖ ਮਿੱਤਰ ਸੈਨ ਮੀਤ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਜਾਣਕਾਰੀ 'ਤੇ ਆਧਾਰਿਤ ਸਨ।

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਮੁੱਖ ਸੰਚਾਲਕ ਕੁਲਦੀਪ ਸਿੰਘ, ਸੰਚਾਲਕ ਮੋਤਾ ਸਿੰਘ ਝੀਤਾ ਅਤੇ ਕਿਰਪਾਲ ਸਿੰਘ ਗਰਚਾ ਵੱਲੋਂ ਲਿਖੇ ਗਏ ਇਸ ਪੱਤਰ 'ਚ ਅਕਾਦਮੀ ਦੇ ਅਧਿਕਾਰੀਆਂ ਤੇ ਕੈਬਨਿਟ ਮੰਤਰੀ ਨੂੰ ਕਿਹਾ ਗਿਆ ਹੈ ਕਿ ਪੰਜਾਬੀ ਐਡਵਾਈਜ਼ਰੀ ਬੋਰਡ ਦੇ ਮੈਂਬਰਾਂ ਉੱਪਰ ਲੱਗੇ ਭਾਈ-ਭਤਾਜੀਵਾਦ ਤੇ ਸਰਕਾਰੀ ਫੰਡਾਂ ਦੀ ਨਿੱਜੀ ਵਰਤੋਂ ਦੇ ਦੋਸ਼ਾਂ ਦੀ ਉੱਚ ਪੱਧਰੀ ਕਮੇਟੀ ਪਾਸੋਂ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਮੈਂਬਰਾਂ ਤੇ ਅਧਿਕਾਰੀਆਂ ਵਿਰੁੱਧ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਭਾਈਚਾਰੇ ਦੇ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਐਡਵਾਈਜ਼ਰੀ ਬੋਰਡ ਦੇ ਬਹੁਤ ਸਾਰੇ ਮੈਂਬਰ ਸਾਹਿਤਕਾਰਾਂ ਵਿਚ ਬਣੇ ਕਿਸੇ ਨਾ ਕਿਸੇ ਸ਼ਕਤੀਸ਼ਾਲੀ ਗਰੁੱਪ ਦੇ ਮੈਂਬਰ ਅਤੇ ਸਰਕਾਰੇ-ਦਰਬਾਰੇ ਪਹੁੰਚ ਰੱਖਦੇ ਹਨ। ਆਪਣੇ ਰਸੂਖ ਦੀ ਵਰਤੋਂ ਕਰ ਕੇ ਕਈ ਮੈਂਬਰ 10-15 ਸਾਲ ਤੋਂ ਬੋਰਡ ਦੇ ਮੈਂਬਰ ਚੱਲੇ ਆ ਰਹੇ ਹਨ। ਬੋਰਡ ਦੇ ਕਈ ਮੈਂਬਰ ਕਾਲਜਾਂ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਹਨ, ਇਸ ਕਾਰਨ ਉਨ੍ਹਾਂ ਦੇ ਨਿੱਜੀ ਹਿੱਤ ਅਕਾਦਮੀ ਦੇ ਹਿੱਤਾਂ ਨਾਲ ਟਕਰਾਉਂਦੇ ਹਨ। ਉਹ ਅਕਾਦਮੀ ਦੀ ਥਾਂ ਆਪਣੇ ਹਿੱਤਾਂ ਨੂੰ ਪਹਿਲ ਦਿੰਦੇ ਹਨ। ਇਨ੍ਹਾਂ ਮੈਂਬਰਾਂ ਵੱਲੋਂ ਆਪਣੇ ਅਧਿਕਾਰਾਂ ਤੇ ਸਰਕਾਰੀ ਧਨ ਦੀ ਦੁਰਵਰਤੋਂ ਕੀਤੇ ਜਾਣ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਲਈ ਪੜਤਾਲ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਮੈਂਬਰਾਂ ਤੇ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਅਤੇ ਸਰਕਾਰੀ ਅਹੁਦਿਆਂ 'ਤੇ ਬਿਰਾਜਮਾਨ ਐਡਵਾਈਜ਼ਰੀ ਬੋਰਡ ਦੇ ਮੈਂਬਰਾਂ ਨੂੰ ਬਰਖ਼ਾਸਤ ਕਰ ਕੇ ਉਨ੍ਹਾਂ ਦੀ ਥਾਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਸਾਹਿਤਕਾਰਾਂ ਨੂੰ ਬੋਰਡ 'ਚ ਸ਼ਾਮਲ ਕੀਤਾ ਜਾਵੇ।

-----------

ਮਾਮਲੇ ਬਾਰੇ ਅਕਾਦਮੀ ਦੇ ਪ੍ਰਧਾਨ ਵੱਲੋਂ ਕੀਤਾ ਜਾਵੇਗਾ ਵਿਚਾਰ : ਡਾ. ਰਾਓ

ਪੰਜਾਬੀ ਐਡਵਾਈਜ਼ਰੀ ਬੋਰਡ ਦੇ ਮੈਂਬਰਾਂ ਵਿਚਾਲੇ ਪੈਦਾ ਹੋਏ ਮਤਭੇਦਾਂ ਬਾਰੇ ਸਾਹਿਤ ਅਕਾਦਮੀ, ਦਿੱਲੀ ਦੇ ਸਕੱਤਰ ਡਾ. ਕੇਐੱਸ ਰਾਓ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਹੱਲ ਕਰਵਾ ਦਿੱਤਾ ਗਿਆ ਜਦਕਿ ਕੈਨੇਡਾ ਤੋਂ ਪ੍ਰਾਪਤ ਹੋਈ ਉਕਤ ਈ-ਮੇਲ ਬਾਰੇ ਅਕਾਦਮੀ ਦੇ ਪ੍ਰਧਾਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨਾਲ ਮੀਟਿੰਗ ਵਿਚ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

Posted By: Jagjit Singh