ਜੇਐਨਐਨ, ਜਲੰਧਰ : ਸ਼ਨੀਵਾਰ ਦੁਪਹਿਰ ਬਾਅਦ ਪੰਜਾਬ ਵਿਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਜਿੱਤ ਲਈ ਹੈ। ਚੋਣ ਮੈਦਾਨ ਵਿਚ ਸੱਤ ਉਮੀਦਵਾਰ ਸਨ। ਦੱਸਣਯੋਗ ਹੈ ਕਿ ਬਰਿੰਦਰ ਸਿੰਘ ਢਿੱਲੋਂ ਰੋਪੜ ਤੋਂ ਐਮਐਲਏ ਦੀ ਚੋਣ ਪਹਿਲਾ ਵੀ ਲੜ ਚੁੱਕੇ ਹਨ। ਇਸ ਜਿੱਤ ਦੀ ਖੁਸ਼ੀ ਪ੍ਰਗਟਾਉਂਦਿਆਂ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਨੂੰ ਮੇਰੇ ਵਿਸ਼ਵਾਸ ਨੇ ਜਿਤਾਇਆ ਹੈ। ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਾਂਗਾ। ਮੈਂ ਸਾਰੇ ਵੋਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ।

ਜਲੰਧਰ ਸਿਟੀ ਤੋਂ ਅੰਗਦ ਦੱਤਾ ਤਿਕੌਣੇ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਸ਼ਹਿਰੀ ਇਕਾਈ ਦੇ ਪ੍ਰਧਾਨ ਬਣ ਗਏ ਹਨ। ਹਨੀ ਜੋਸ਼ੀ ਜਲੰਧਰ ਦੇਹਾਤ ਇਕਾਈ ਵਿਚ ਸਿੱਧੇ ਮੁਕਾਬਲੇ ਵਿਚ ਜੇਤੂ ਐਲਾਨੇ ਗਏ। ਇਸ ਦੇ ਨਾਲ ਹੀ ਸੁਬੇ ਦੇ ਬਾਕੀ ਜ਼ਿਲ੍ਹਿਆਂ ਦੇ ਵੀ ਨਤੀਜੇ ਐਲਾਨੇ ਜਾ ਰਹੇ ਹਨ।

ਯੋਗੇਸ਼ ਹਾਂਡਾ ਲੁਧਿਆਣਾ ਸ਼ਹਿਰੀ ਅਤੇ ਅਮਿਤ ਤਿਵਾੜੀ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਬਣੇ ਹਨ। ਅਬੋਹਰ ਤੋਂ ਅਤਿੰਦਰ ਪਾਲ ਅਤੇ ਬੱਲੂਆਣਾ ਤੋਂ ਅਮਿਤ ਭਾਦੂ ਜੇਤੂ ਕਰਾਰ ਹੋਏ।

ਗੁਰਦਾਸਪੁਰ ਤੋਂ ਐਡਵੋਕੇਟ ਬਲਜੀਤ ਸਿੰਘ ਪਾਹੜਾ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਰੂਪਨਗਰ ਤੋਂ ਸੁਰਿੰਦਰ ਸਿੰਘ ਸ਼ਿੰਦਾ ਨੇ ਯੂਥ ਕਾਂਗਰਸ ਦੇ ਪ੍ਰਧਾਨ ਦੀ ਕਮਾਨ ਸੰਭਾਲੀ ਹੈ। ਸੁਰਿੰਦਰ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ 4,5,6 ਦਸੰਬਰ ਨੂੰ ਹੋਈਆਂ ਸਨ।

ਜਲੰਧਰ ਸ਼ਹਿਰੀ ਇਕਾਈ ਲਈ ਅੰਗਦ ਦੱਤਾ ਨੇ ਬਿਹਤਰ ਯੋਜਨਾਬੰਦੀ ਦੇ ਆਧਾਰ 'ਤੇ ਇਸ ਮੁਕਾਬਲੇ ਵਿਚ ਦਮਦਾਰ ਮੰਨੇ ਜਾ ਰਹੇ ਰਾਜੇਸ਼ ਅਗਨੀਹੋਤਰੀ ਅਤੇ ਦੀਪਕ ਖੋਸਲਾ ਨੂੰ ਹਰਾਇਆ। ਅੰਗਦ ਦੱਤਾ ਦੇ ਪਿਤਾ ਸਵ. ਅਨਿਲ ਦੱਤਾ ਕਾਂਗਰਸ ਦੇ ਤੇਜ਼ ਤਰਾਰ ਨੇਤਾ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਮੁੱਖ ਸਕੱਤਰ ਵੀ ਰਹੇ। ਜਲੰਧਰ ਦੇਹਾਤ ਇਕਾਈ ਦੀ ਚੋਣ ਵਿਚ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਹਨੀ ਜੋਸ਼ੀ ਨੇ ਮਨਵੀਰ ਚੀਮਾ ਨੂੰ ਲਗਪਗ 80 ਵੋਟਾਂ ਨਾਲ ਹਰਾਇਆ। ਜ਼ਿਲ੍ਹ ਖੰਨਾ ਵਿਚ ਅਮਿਤ ਤਿਵਾੜੀ ਜ਼ਿਲ੍ਹ ਪ੍ਰਧਾਨ ਅਤੇ ਅਕਿੰਤ ਸ਼ਰਮਾ ਵਿਧਾਨ ਸਭਾ ਯੂਥ ਕਾਂਗਰਸ ਪ੍ਰਧਾਨ ਚੁਣੇ ਗਏ ਹਨ।

Posted By: Tejinder Thind