ਜਤਿੰਦਰ ਪੰਮੀ, ਜਲੰਧਰ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਮੰਗਲਵਾਰ ਲੋਕਾਂ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ। ਬਾਅਦ ਦੁਪਹਿਰ ਚੱਲੀ ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਮੀਂਹ ਦਾ ਆਨੰਦ ਮਾਣਿਆ। ਸੂਬੇ ਅੰਦਰ ਕਰੀਬ ਇਕ ਘੰਟੇ ਤਕ 15-20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ ਹਨੇਰੀ ਤੋਂ ਬਾਅਦ ਬੱਦਲਾਂ ਦੀ ਗਰਜ ਨਾਲ ਰੁਕ-ਰੁਕ ਕੇ ਮੀਂਹ ਪਿਆ।

ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਬਾਅਦ ਦੁਪਹਿਰ ਧੂੜ ਭਰੀ ਹਨੇਰੀ ਤੋਂ ਬਾਅਦ ਅੰਮਿ੍ਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਜ਼ਿਲਿ੍ਹਆਂ 'ਚ ਮੀਂਹ ਪੈਣ ਦੀਆਂ ਸੂਚਨਾਵਾਂ ਹਨ। ਹਾਲਾਂਕਿ ਬੱਦਲਾਂ ਦੀ ਗਰਜ ਦੇ ਨਾਲ ਤੇਜ਼ ਹਵਾਵਾਂ ਦੇਰ ਰਾਤ ਤਕ ਚੱਲਦੀਆਂ ਰਹੀਆਂ। ਅੰਮਿ੍ਤਸਰ 7.0, ਲੁਧਿਆਣਾ 'ਚ 2.0, ਜਲੰਧਰ ਤੇ ਪਟਿਆਲਾ ਜ਼ਿਲਿ੍ਹਆਂ 'ਚ ਹਲਕਾ ਮੀਂਹ ਪਿਆ।

ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਅੰਮਿ੍ਤਸਰ ਦਾ ਵਧ ਤੋਂ ਵੱਧ ਤਾਪਮਾਨ 35.8 ਡਿਗਰੀ, ਬਠਿੰਡਾ 'ਚ 39.3 ਡਿਗਰੀ, ਜਲੰਧਰ 'ਚ 38.0 ਡਿਗਰੀ, ਲੁਧਿਆਣਾ 'ਚ 37.7 ਡਿਗਰੀ, ਪਟਿਆਲਾ 'ਚ 39.3 ਡਿਗਰੀ ਅਤੇ ਪਠਾਨਕੋਟ 'ਚ 37.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਭਲਕੇ ਵੀ ਮੌਸਮ ਠੰਢਾ ਤੇ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਕਈ ਜ਼ਿਲਿ੍ਹਆਂ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ। ਓਧਰ ਖੇਤੀਬਾੜੀ ਵਿਭਾਗ ਦੇ ਮਾਹਰਾਂ ਮੁਤਾਬਕ ਇਹ ਮੀਂਹ ਬਸੰਤ ਰੁੱਤ ਦੀ ਮੱਕੀ ਜੋ ਕਿ ਛੱਲੀਆਂ ਪੈਣ 'ਤੇ ਪੁੱਜੀ ਹੋਈ ਹੈ, ਲਈ ਬਹੁਤ ਹੀ ਲਾਹੇਵੰਦ ਹੈ ਜਦੋਂਕਿ ਖਰਬੂਜੇ ਦੀ ਫਸਲ ਲਈ ਇਹ ਮੀਂਹ ਨੁਕਸਾਨਦੇਹ ਹੈ ਅਤੇ ਹਨੇਰੀ ਨਾਲ ਖਰਬੂਜੇ ਦੀਆਂ ਵੇਲਾਂ ਨੂੰ ਵੀ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ। ਖੇਤੀ ਵਿਭਾਗ ਦੇ ਡਾ. ਸੁਰਿੰਦਰ ਸਿੰਘ ਮੁਤਾਬਕ ਕਣਕ ਦੀ ਵਾਢੀ ਖਤਮ ਹੋਣ ਤੋਂ ਬਾਅਦ ਅਗਲੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰਨ ਵਾਸਤੇ ਵੀ ਇਹ ਮੀਂਹ ਕਾਫੀ ਲਾਹੇਵੰਦ ਹੈ।

ਮੀਂਹ ਨਾਲ ਮੰਡੀਆਂ 'ਚ ਭਰਿਆ ਪਾਣੀ

ਅੱਜ ਬਾਅਦ ਦੁਪਹਿਰ ਅੰਮਿ੍ਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਜ਼ਿਲ੍ਹਿਆਂ 'ਚ ਪਏ ਮੀਂਹ ਕਾਰਨ ਮੰਡੀਆਂ 'ਚ ਪਈਆਂ ਕਣਕ ਦੀਆਂ ਬੋਰੀਆਂ ਪਾਣੀ ਨਾਲ ਭਿਜ ਗਈਆਂ। ਹਾਲਾਂਕਿ ਉਥੇ ਮੌਜੂਦ ਮਜ਼ਦੂਰਾਂ ਨੇ ਪਾਣੀ 'ਚ ਭਿਜ ਰਹੀਆਂ ਬੋਰੀਆਂ ਚੁੱਕ ਕੇ ਸ਼ੈੱਡਾਂ ਹੇਠ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ ਪਰ ਫਿਰ ਪਾਣੀ ਨਾਲ ਕਣਕ ਭਿਜ ਗਈ।

ਹਨੇਰੀ ਕਾਰਨ ਬਿਜਲੀ ਸਪਲਾਈ ਹੋਈ ਪ੍ਰਭਾਵਿਤ

ਮੰਗਲਵਾਰ ਬਾਅਦ ਦੁਪਹਿਰ ਚੱਲੀ ਧੂੜ ਭਰੀ ਤੇਜ਼ ਹਨੇਰੀ ਨਾਲ ਕਈ ਜ਼ਿਲ੍ਹਿਆਂ 'ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਇਕ ਘੰਟਾ ਚੱਲੀ ਹਨੇਰੀ ਤੇ ਫਿਰ ਮੀਂਹ ਦੌਰਾਨ ਬਿਜਲੀ ਬੰਦ ਹੋ ਗਈ। ਪਾਵਰਕਾਮ ਜਲੰਧਰ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਮੁਤਾਬਕ ਸਰਕਲ ਅੰਦਰ ਦੋ ਘੰਟੇ ਬਾਅਦ ਬਿਜਲੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁੜ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ ਹੈ। ਜੇ ਹਨੇਰੀ ਵਧ ਗਈ ਤਾਂ ਮੁੜ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।