ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹਾਕੀ ਇੰਡੀਆ ਵੱਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਰਾਂਚੀ ਵਿਖੇ ਕਰਵਾਈ ਜਾ ਰਹੀ 11ਵੀਂ ਸੀਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਸੀਨੀਅਰ ਮਹਿਲਾ ਹਾਕੀ ਟੀਮ ਦੀ ਚੋਣ ਲਈ ਚੋਣ ਟਰਾਇਲ ਪੀਏਪੀ ਐਸਟਰੋਟਰਫ ਹਾਕੀ ਮੈਦਾਨ 'ਤੇ ਸੰਪੰਨ ਹੋ ਗਏ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ 'ਚ ਪੰਜਾਬ ਭਰ ਤੋਂ 60 ਖਿਡਾਰਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 28 ਖਿਡਾਰਨਾਂ ਦੀ ਕੋਚਿੰਗ ਕੈਂਪ ਲਈ ਚੋਣ ਕੀਤੀ ਗਈ। ਇਨ੍ਹਾਂ 'ਚ ਚਾਰ ਖਿਡਾਰਨਾਂ ਉਹ ਵੀ ਸ਼ਾਮਲ ਹਨ ਜੋ ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਤੇ ਭਾਰਤੀ ਸੀਨੀਅਰ ਮਹਿਲਾ ਹਾਕੀ ਕੈਂਪ ਵਿਚ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਖਿਡਾਰਨਾਂ ਨੂੰ ਪੰਜਾਬ ਟੀਮ ਵਿਚ ਸ਼ਾਮਲ ਕਰਨ ਲਈ ਹਾਕੀ ਇੰਡੀਆ ਤੋਂ ਇਜ਼ਾਜਤ ਲਈ ਜਾ ਰਹੀ ਹੈ। ਇਨ੍ਹਾਂ ਚੁਣੀਆਂ ਗਈਆਂ ਖਿਡਾਰਨ ਦਾ ਕੋਚਿੰਗ ਕੈਂਪ 2 ਅਕਤੂਬਰ ਤੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਕੋਚ ਮੀਨਾਕਸ਼ੀ ਰੰਧਾਵਾ ਦੀ ਦੇਖ ਰੇਖ ਵਿਚ ਲਗਵਾਇਆ ਜਾਵੇਗਾ। ਇਸ ਟੀਮ ਦੇ ਮੈਨੇਜਰ ਉਲੰਪੀਅਨ ਸੰਜੀਵ ਕੁਮਾਰ ਹੋਣਗੇ। ਇਨ੍ਹਾਂ ਟਰਾਇਲਾਂ ਮੌਕੇ ਉਲੰਪੀਅਨ ਸੰਜੀਵ ਕੁਮਾਰ, ਅੰਤਰਰਾਸ਼ਟਰੀ ਖਿਡਾਰਨ ਰੇਨੂੰ ਬਾਲਾ, ਹਾਕੀ ਤਰਨਤਾਰਨ ਦੇ ਪ੍ਰਧਾਨ ਗੁਰਮੀਤ ਸਿੰਘ, ਹਾਕੀ ਕੋਚ ਮੀਨਾਕਸ਼ੀ ਰੰਧਾਵਾ, ਹਾਕੀ ਕੋਚ ਰਾਜਵੰਤ ਸਿੰਘ (ਬਠਿੰਡਾ), ਪਰਮਿੰਦਰ ਕੌਰ ਤੇ ਹਾਕੀ ਪੰਜਾਬ ਦੇ ਦਫਤਰ ਸਕੱਤਰ ਕੁਲਬੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।