ਪੰਜਾਬੀ ਜਾਗਰਣ ਟੀਮ, ਜਲੰਧਰ/ਪਟਿਆਲਾ/ਰੋਪੜ : ਬਰਡ ਫਲੂ ਦੇ ਖ਼ਤਰੇ ਤੋਂ ਪੰਜਾਬ ਅਜੇ ਸੁਰੱਖਿਅਤ ਹੈ। ਪਟਿਆਲਾ 'ਚ ਮਰੀਆਂ ਮੁਰਗੀਆਂ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਐੱਨਆਰਡੀਡੀਐੱਲ ਦੇ ਇੰਚਾਰਜ ਡਾ. ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ 'ਚ ਮੁਰਗੀਆਂ ਮਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਥੋਂ 40 ਸੈਂਪਲ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਦੀ ਜਾਂਚ ਚੀਫ ਸੈਕ੍ਰੇਟਰੀ ਵਿਨੀ ਮਹਾਜਨ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਤੇ ਰਿਪੋਰਟ ਨੈਗੇਟਿਵ ਆਈ ਹੈ।

ਉਨ੍ਹਾਂ ਕਿਹਾ ਕਿ ਕਰਨਾਲ (ਹਰਿਆਣਾ) 'ਚ ਮੁਰਗੀਆਂ, ਸੋਲਨ (ਹਿਮਾਚਲ ਪ੍ਰਦੇਸ਼) ਤੇ ਦਿੱਲੀ 'ਚ ਵਿਦੇਸ਼ੀ ਪੰਛੀਆਂ ਦੇ ਟੈਸਟ ਤੋਂ ਬਾਅਦ ਬਰਡ ਫਲੂ ਹੋਣ ਦੀ ਸੰਭਾਵਨਾ ਸਾਹਮਣੇ ਆਈ ਹੈ। ਮੰਗਲਵਾਰ ਨੂੰ ਰੋਪੜ ਡਵੀਜ਼ਨ ਤੋਂ ਵੀ ਵਿਦੇਸ਼ੀ ਪੰਛੀ ਦੀ ਸੈਂਪਲ ਰਿਪੋਰਟ 'ਚ ਬਰਡ ਫਲੂ ਦੇ ਲੱਛਣ ਮਿਲੇ ਸਨ। ਦੋਵਾਂ ਮਾਮਲਿਆਂ 'ਚ ਸੈਂਪਲ ਭੋਪਾਲ ਭੇਜੇ ਗਏ ਹਨ ਤੇ ਉਥੋਂ ਬਰਡ ਫਲੂ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਦਾ ਇੰਤਜ਼ਾਰ ਹੈ। ਲੈਬ ਇੰਚਾਰਜ ਡਾ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਬਰਡ ਫਲੂ ਦੀ ਪੁਸ਼ਟੀ ਕਰਨਾ ਐੱਨਆਰਡੀਡੀਐੱਲ ਦੇ ਅਧਿਕਾਰ ਖੇਤਰ 'ਚ ਨਹੀਂ ਹੈ। ਉਧਰ, ਪਟਿਆਲਾ ਦੇ ਪਿੰਡ ਰੱਖੜ ਨੇੜੇ ਮਿ੍ਤਕ ਮਿਲੀਆਂ ਮੁਰਗੀਆਂ ਨੂੰ ਪੰਜ ਫੁੱਟ ਡੂੰਘੇ ਖੱਡੇ 'ਚ ਦਬਾ ਦਿੱਤਾ ਹੈ। ਪਸ਼ੂ ਪਾਲਣ ਵਿਭਾਗ ਦੇ ਡਾ. ਜੀਵਨ ਨੇ ਕਿਹਾ ਕਿ ਇਹਤਿਆਤ ਲਈ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ 'ਚ ਸੈਂਪਲਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ, ਸਿਹਤ ਵਿਭਾਗ ਦੇ ਐਪੀਡੀਮੋਲੋਜਿਸਟ ਦਿਵਜੋਤ ਸਿੰਘ, ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਤੇ ਪ੍ਰਰਾਇਮਰੀ ਸਿਹਤ ਕੇਂਦਰ ਕੌਲੀ ਦੀ ਟੀਮ ਨੇ ਪਿੰਡ ਰੱਖੜਾ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਸਥਿਤ ਪੋਲਟਰੀ ਫਾਰਮਾਂ ਦਾ ਦੌਰਾ ਕਰ ਕੇ ਜਾਂਚ ਕੀਤੀ।

ਰੂਪਨਗਰ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਵੀਰ ਸਿੰਘ ਵਾਲੀਆ ਨੇ ਕਿਹਾ ਕਿ ਰੋਪੜ ਡਵੀਜ਼ਨ ਅਧੀਨ ਜਿਸ ਮਿ੍ਤਕ ਵਿਦੇਸ਼ੀ ਪੰਛੀ ਦੇ ਸੈਂਪਲ ਦੀ ਜਾਂਚ 'ਚ ਬਰਡ ਫਲੂ ਦੇ ਲੱਛਣ ਸਾਹਮਣੇ ਆਏ ਹਨ, ਉਹ ਸੈਂਪਲ ਮੋਹਾਲੀ ਤੋਂ ਭੇਜਿਆ ਗਿਆ ਸੀ। ਅਜੇ ਤਕ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਤੇ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਚਿਕਨ ਤੇ ਆਂਡੇ ਚੰਗੀ ਤਰ੍ਹਾਂ ਪਕਾ ਕੇ ਖਾਧੇ ਜਾਣ।

ਪੌਂਗ ਡੈਮ 'ਚ 105 ਹੋਰ ਵਿਦੇਸ਼ੀ ਪੰਛੀਆਂ ਦੀ ਮੌਤ

ਜੇਐੱਨਐੱਨ, ਤਲਵਾੜਾ ਹੁਸ਼ਿਆਰਪੁਰ : ਪੌਂਗ ਡੈਮ ਵੈਟਲੈਂਡ 'ਚ ਬੁੱਧਵਾਰ ਨੂੰ ਵੀ 105 ਵਿਦੇਸ਼ੀ ਪੰਛੀਆਂ ਨੇ ਦਮ ਤੋੜ ਦਿੱਤਾ। ਇਥੇ ਮਰਨ ਵਾਲੇ ਪੰਛੀਆਂ ਦੀ ਗਿਣਤੀ ਵੱਧ ਕੇ 4742 ਹੋ ਗਈ ਹੈ। ਵਣ ਜੀਵ ਵਿਭਾਗ ਦੇ ਡੀਐੱਫ ਓ ਰਾਹੁਲ ਐੱਮ ਰੋਹਨੇ ਨੇ ਦੱਸਿਆ ਕਿ ਜ਼ਿਆਦਾਤਰ ਬਾਰ ਹੈਡੇਡ ਗੀਜ ਦੀ ਮੌਤ ਹੋਈ ਹੈ। ਇਸ ਵਾਰ 100 ਤੋਂ ਜ਼ਿਆਦਾ ਪ੍ਰਜਾਤੀਆਂ ਦੇ 56,000 ਤੋਂ ਜ਼ਿਆਦਾ ਪੰਛੀ ਵੈਟਲੈਂਡ ਪੁੱਜੇ ਸਨ। ਇਹ ਪੰਛੀ ਮਾਰਚ ਦੇ ਅੰਤ ਤਕ ਇੱਥੇ ਰਹਿੰਦੇ ਹਨ ਤੇ ਅਪ੍ਰਰੈਲ 'ਚ ਗਰਮੀ ਦੀ ਸ਼ੁਰੂਆਤ ਦੇ ਸਮੇਂ ਵਾਪਸ ਪਰਤਦੇ ਹਨ।