ਰੋਡਵੇਜ਼, ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਹੜਤਾਲ ਖ਼ਤਮ
ਪੰਜਾਬ ਰੋਡਵੇਜ਼, ਪਨਬਸ ਤੇ ਪੀآਰਟੀਸੀ ਕਾਂਟ੍ਰੈਕਟ ਵਰਕਰ ਯੂਨੀਅਨ ਦੀ ਹੜਤਾਲ ਖ਼ਤਮ, ਘੱਟ ਪਹੁੰਚੇ ਯਾਤਰੀ
Publish Date: Tue, 02 Dec 2025 09:26 PM (IST)
Updated Date: Tue, 02 Dec 2025 09:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਹੜਤਾਲ ਮੰਗਲਵਾਰ ਦੁਪਹਿਰ ਡੇਢ ਵਜੇ ਖ਼ਤਮ ਹੋ ਗਈ। ਚਾਰ ਦਿਨ ਤੋਂ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਅੱਜ ਯਾਤਰੀ ਘੱਟ ਪਹੁੰਚੇ। ਮੰਗਲਵਾਰ ਤੋਂ ਜਲੰਧਰ ਦੇ ਦੋਵੇਂ ਡਿਪੋਆਂ ਦੀਆਂ ਸੌ ਤੋਂ ਵੱਧ ਬੱਸਾਂ ਆਪਣੀ ਟਾਇਮਿੰਗ ਮੁਤਾਬਕ ਰੂਟਾਂ 'ਤੇ ਚੱਲੀਆਂ। ਬੁੱਧਵਾਰ ਨੂੰ ਹਾਲਾਤ ਮੁੜ ਨਾਰਮਲ ਹੋਣਗੇ। ਸਰਕਾਰੀ ਬੱਸ ਸੇਵਾ ਬਹਾਲ ਹੋਣ ਨਾਲ ਮਹਿਲਾ ਯਾਤਰੀਆਂ ਨੇ ਰਾਹਤ ਦੀ ਸਾਹ ਲਈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹੀ ਹੜਤਾਲ ਖ਼ਤਮ ਕੀਤੀ ਗਈ ਹੈ। ਯੂਨੀਅਨ ਆਗੂਆਂ ਨੇ ਸਰਕਾਰੀ ਪ੍ਰਕਿਰਿਆ ਬਾਰੇ ਜਾਣਕਾਰੀ ਲੈ ਕੇ ਆਪਸੀ ਸਹਿਮਤੀ ਨਾਲ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ।
ਆਗੂਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਕਰਮਚਾਰੀਆਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਸਸਪੈਂਡ ਕੀਤੇ ਕਰਮਚਾਰੀ ਬੁੱਧਵਾਰ ਤੱਕ ਬਹਾਲ ਹੋ ਜਾਣਗੇ। ਸਰਕਾਰ ਵੱਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਕਰਮਚਾਰੀਆਂ ਦੇ ਹੱਕ ’ਚ ਖੜ੍ਹੀਆਂ ਯੂਨੀਅਨਾਂ ਨੇ ਆਪਣੀ ਹੜਤਾਲ ਸਮਾਪਤ ਕਰ ਦਿੱਤੀ। ਯੂਨੀਅਨ ਪ੍ਰਤੀਨਿਧੀਆਂ ਦੀ ਐਤਵਾਰ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਸੱਤ ਘੰਟਿਆਂ ਤੋਂ ਵੱਧ ਲੰਮੀ ਮੀਟਿੰਗ ਹੋਈ ਸੀ। ਮੰਤਰੀ ਵੱਲੋਂ ਭਰੋਸਾ ਦੇਣ ਤੋਂ ਬਾਅਦ ਯੂਨੀਅਨਾਂ ਹੜਤਾਲ ਵਾਪਸ ਲੈਣ ਲਈ ਤਿਆਰ ਹੋ ਗਈਆਂ ਸਨ। ਜਲੰਧਰ ਡਿਪੂ-1 ਦੇ ਪ੍ਰਧਾਨ ਵਿਕਰਮਜੀਤ ਸਿੰਘ ਤੇ ਚੰਨਣ ਸਿੰਘ ਨੇ ਕਿਹਾ ਕਿ ਸੋਮਵਾਰ ਤੱਕ ਮੰਤਰੀ ਵੱਲੋਂ ਦਿੱਤੇ ਭਰੋਸੇ 'ਤੇ ਸਰਕਾਰ ਵੱਲੋਂ ਕਾਰਵਾਈ ਨਹੀਂ ਹੋਈ ਸੀ, ਇਸ ਲਈ ਹੜਤਾਲ ਜਾਰੀ ਰੱਖੀ ਗਈ, ਪਰ ਅੱਜ ਗ੍ਰਿਫ਼ਤਾਰ ਕਰਮਚਾਰੀਆਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਾਰੇ ਸਾਥੀ ਬੁੱਧਵਾਰ ਤੱਕ ਰਿਹਾਅ ਹੋ ਜਾਣਗੇ। ਪੰਜਾਬ ਭਰ ਦੇ 172 ਕਰਮਚਾਰੀ ਗ੍ਰਿਫ਼ਤਾਰ ਕੀਤੇ ਗਏ ਸਨ। ਯੂਨੀਅਨ ਆਗੂਆਂ ਨੇ ਦੱਸਿਆ ਕਿ ਹੁਣ ਸਸਪੈਂਡ ਕਰਮਚਾਰੀਆਂ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ। ਕੰਟਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਹੋਰ ਮੰਗਾਂ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਮਿਲਿਆ ਹੈ। ਸਾਰੀਆਂ ਯੂਨੀਅਨਾਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ। ਉਮੀਦ ਹੈ ਕਿ ਸਰਕਾਰ ਸਕਾਰਾਤਮਕ ਫ਼ੈਸਲਾ ਕਰੇਗੀ। ਹੜਤਾਲ ਕਾਰਨ ਕਰਮਚਾਰੀਆਂ ਨਾਲ-ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।