ਜਾ.ਸ., ਜਲੰਧਰ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਪੰਜਾਬ ਰੋਡਵੇਜ਼ ਹੈੱਡਕੁਆਰਟਰ ਨੇ ਸੂਬੇ ਵਿੱਚ ਮੌਜੂਦ ਆਪਣੇ 11 ਡਿਪੂ ਜਨਰਲ ਮੈਨੇਜਰਾਂ ਤੋਂ ਵੋਲਵੋ ਬੱਸਾਂ ਦੇ ਫਿਟਨੈਸ ਸਰਟੀਫਿਕੇਟ ਲੈ ਲਏ ਹਨ। ਹਾਲਾਂਕਿ ਹੁਣ ਤੱਕ ਦਿੱਲੀ ਸਰਕਾਰ ਵੱਲੋਂ ਇਸ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਸਬੰਧੀ ਅੰਤਿਮ ਫੈਸਲਾ ਵੀਰਵਾਰ ਨੂੰ ਲਿਆ ਜਾ ਸਕਦਾ ਹੈ।

ਇਸ ਗੱਲ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ

ਪੰਜਾਬ ਰੋਡਵੇਜ਼ ਦੇ ਕਾਰਜਕਾਰੀ ਨਿਰਦੇਸ਼ਕ (ਸੰਚਾਲਨ) ਦੀ ਤਰਫੋਂ ਪੰਜਾਬ ਰੋਡਵੇਜ਼ ਜਲੰਧਰ-1 ਚੰਡੀਗੜ੍ਹ, ਰੋਪੜ, ਨਵਾਂਸ਼ਹਿਰ, ਲੁਧਿਆਣਾ, ਅੰਮ੍ਰਿਤਸਰ-1 ਅੰਮ੍ਰਿਤਸਰ-2, ਪਠਾਨਕੋਟ, ਮੋਗਾ, ਮੁਕਤਸਰ ਸਾਹਿਬ ਦੇ ਜਨਰਲ ਮੈਨੇਜਰਾਂ ਨੂੰ ਪੱਤਰ ਲਿਖਿਆ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ਡਿਪੂ ਨੂੰ ਕਿਹਾ ਕਿ 25 ਮਈ ਤੱਕ ਏਅਰਪੋਰਟ ਲਈ ਚੱਲਣ ਵਾਲੀਆਂ ਵੋਲਵੋ ਬੱਸਾਂ ਦਾ ਰੋਡ ਟੈਸਟ ਕਰਵਾ ਕੇ ਫਿਟਨੈਸ ਸਰਟੀਫਿਕੇਟ ਮੁੱਖ ਦਫਤਰ ਨੂੰ ਭੇਜਿਆ ਜਾਵੇ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਬੱਸਾਂ ਤਕਨੀਕੀ ਤੌਰ 'ਤੇ ਫਿੱਟ ਹੋਣ। ਬੱਸਾਂ ਦਾ ਕੈਬਿਨ ਅਤੇ ਬਾਹਰਲਾ ਹਿੱਸਾ ਸਾਫ਼-ਸੁਥਰਾ ਹੋਣਾ ਚਾਹੀਦਾ ਹੈ।

ਯਾਤਰੀਆਂ ਦੀ ਸਹੂਲਤ ਲਈ ਵੀ ਪ੍ਰਬੰਧ ਕੀਤੇ ਜਾਣ

ਬੱਸਾਂ ਵਿੱਚ ਸਵਾਰੀਆਂ ਦੀ ਸਹੂਲਤ ਲਈ ਵੀ ਪ੍ਰਬੰਧ ਕੀਤੇ ਜਾਣ। ਹੈੱਡਕੁਆਰਟਰ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਏਅਰਪੋਰਟ ਵੋਲਵੋ ਦਾ ਟਾਈਮ ਟੇਬਲ ਇਸ ਤਰ੍ਹਾਂ ਬਣਾਇਆ ਜਾਵੇ ਕਿ ਇਹ ਰਾਤ ਨੂੰ ਉਡਾਣ ਭਰਨ ਵਾਲੀਆਂ ਫਲਾਈਟਾਂ ਦੇ ਹਿਸਾਬ ਨਾਲ ਹੋਵੇ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾਵੇ ਕਿ ਏਅਰਪੋਰਟ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਸਵਾਰੀਆਂ ਤੋਂ ਸਟੇਜ ਕੈਰੇਜ (ਸਰਕਾਰੀ ਕਿਰਾਏ ਅਨੁਸਾਰ) ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾਵੇ।

Posted By: Tejinder Thind