ਮਨੂਪਾਲ ਸ਼ਰਮਾ, ਜਲੰਧਰ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੀਆਂ ਵੋਲਵੋ ਬੱਸਾਂ ਦੇ ਰਵਾਨਗੀ ਦੇ ਸਮੇਂ ਵਿੱਚ ਬਦਲਾਅ ਹੋ ਸਕਦਾ ਹੈ। ਏਅਰਪੋਰਟ ਵੋਲਵੋ ਦਾ ਨਵਾਂ ਟਾਈਮ ਟੇਬਲ ਤਿਆਰ ਹੋ ਗਿਆ ਹੈ ਅਤੇ ਹੁਣ ਇਸ ਦੇ ਲਾਗੂ ਹੋਣ ਦੀ ਉਡੀਕ ਹੈ। ਸੰਭਾਵਤ ਤੌਰ 'ਤੇ ਇਸ ਹਫਤੇ ਨਵੇਂ ਏਅਰਪੋਰਟ ਵੋਲਵੋ ਟਾਈਮ ਟੇਬਲ ਨੂੰ ਲਾਗੂ ਕੀਤਾ ਜਾਵੇਗਾ।

ਵਰਤਮਾਨ 'ਚ ਚੱਲ ਰਹੀਆਂ ਹਨ 29 ਵੋਲਵੋ ਬੱਸਾਂ

ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਲਗਭਗ 29 ਵੋਲਵੋ ਬੱਸਾਂ ਰੋਜ਼ਾਨਾ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈ.ਜੀ.ਆਈ. ਏਅਰਪੋਰਟ ਨਵੀਂ ਦਿੱਲੀ ਲਈ ਚੱਲ ਰਹੀਆਂ ਹਨ। ਜ਼ਿਆਦਾਤਰ ਬੱਸਾਂ ਜਲੰਧਰ ਅਤੇ ਚੰਡੀਗੜ੍ਹ ਤੋਂ ਚੱਲ ਰਹੀਆਂ ਹਨ।

ਰੂਟ ਅਤੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ

ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ 'ਤੇ ਬਣਾਏ ਗਏ ਇਸ ਟਾਈਮ ਟੇਬਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਵੀਂ ਸਮਾਂ ਸਾਰਣੀ ਦੇ ਲਾਗੂ ਹੋਣ ਤੋਂ ਬਾਅਦ ਵੋਲਵੋ ਦੇ ਦਿੱਲੀ ਏਅਰਪੋਰਟ ਦੇ ਰੂਟ ਅਤੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਫਿਲਹਾਲ ਜਲੰਧਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1170 ਰੁਪਏ ਪ੍ਰਤੀ ਯਾਤਰੀ ਤੈਅ ਹੈ।

ਅਜੇ ਹੋ ਰਿਹਾ ਹੈ ਬੱਸਾਂ ਦੀ ਟਾਈਮਿੰਗ ਦਾ ਟਕਰਾਅ

ਦਿੱਲੀ ਵਿੱਚ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੀਆਂ ਕਈ ਬੱਸਾਂ ਇੱਕੋ ਸਮੇਂ ਉਪਲਬਧ ਹੋਣ ਕਾਰਨ ਸਮਾਂ ਸਾਰਣੀ ਨੂੰ ਮੁੜ ਉਲੀਕਣਾ ਪਿਆ ਹੈ। ਹਾਲਾਂਕਿ ਟਾਈਮ ਟੇਬਲ ਨੂੰ ਦੁਬਾਰਾ ਬਣਾਉਣ ਸਮੇਂ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੀ ਅਫਸਰਸ਼ਾਹੀ ਵਿਚ ਕੁਝ ਵਿਵਾਦ ਪੈਦਾ ਹੋ ਗਿਆ ਸੀ, ਜਿਸ ਤੋਂ ਬਾਅਦ ਸਾਂਝੇ ਟਾਈਮ ਟੇਬਲ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਮਨਜ਼ੂਰੀ ਦੇ ਦਿੱਤੀ ਗਈ ਸੀ।

ਜਲੰਧਰ ਤੋਂ ਰੋਜ਼ਾਨਾ ਚੱਲਦੀਆਂ ਹਨ 13 ਵੋਲਵੋ

ਮਹਾਨਗਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਤੋਂ ਹਰ ਰੋਜ਼ 13 ਵੋਲਵੋ ਬੱਸਾਂ ਹਵਾਈ ਅੱਡੇ ਲਈ ਰਵਾਨਾ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਵੋਲਵੋ ਬੱਸਾਂ ਵੀ ਸ਼ਾਮਲ ਹਨ। ਪੰਜਾਬ ਰੋਡਵੇਜ਼ ਦੇ ਸਥਾਨਕ ਅਧਿਕਾਰੀਆਂ ਅਨੁਸਾਰ ਸਾਂਝਾ ਟਾਈਮ ਟੇਬਲ ਲਾਗੂ ਕਰਨ ਸਬੰਧੀ ਹਾਲੇ ਮੁੱਖ ਦਫ਼ਤਰ ਤੋਂ ਹੁਕਮ ਜਾਰੀ ਕੀਤੇ ਜਾਣੇ ਬਾਕੀ ਹਨ।

Posted By: Tejinder Thind