ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ: ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਨੂੰ ਭਾਰਤ ਸਰਕਾਰ ਕੋਲੋਂ ਰੱਦ ਕਰਵਾਉਣ ਉਪਰੰਤ ਪਿੰਡ ਕਿੰਗਰਾ ਚੋ ਵਾਲਾ ਤੋ ਕਿਸਾਨ ਆਗੂ ਲਖਵੀਰ ਸਿੰਘ ਬਾਠ, ਜੈਲਦਾਰ ਸੁਖਜੀਤ ਸਿੰਘ ਹੁੰਦਲ ਸਮੇਤ ਪਿੰਡ ਵਾਸੀਆਂ ਨੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਪਹਿਲੇ ਦਿਨ ਤੋਂ ਬੀਤੇ ਆਖਰੀ 388 ਦਿਨ ਤੱਕ ਦਿੱਲੀ ਤੋਂ ਵਾਪਸੀ ਕਰਕੇ ਕਿਸਾਨ ਖਾਲਸਾ ਫਤਹਿ ਮਾਰਚ ਨਾਲ ਸੱਚਖੰਡ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਕਾਫ਼ਲੇ ਦੇ ਰੂਪ 'ਚ ਪਹੁੰਚੇ।

ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਗੁਰਦੀਪ ਸਿੰਘ ਸਿੱਧੂ, ਤਰਸੇਮ ਸਿੰਘ, ਅਵਤਾਰ ਸਿੰਘ, ਰਾਜਾ ਧਾਮੀ, ਲਵੀ ਬਲ, ਸੰਨੀ ਸੰਘਾ ਜਸਵੀਰ ਸਹੋਤਾ, ਬੂਟਾ ਸਹੋਤਾ, ਭਿੰਦਾ ਨਿੱਜਰ, ਰਾਜਦੀਪ ਹੈਪੀ, ਸੁੱਖਵਿੰਦਰ ਅਹੂਜਾ ਨੇ ਦਿੱਲੀ ਕਿਸਾਨ ਮੋਰਚੇ ਲਈ ਆਪਣੇ ਪਰਿਵਾਰ ਛੱਡ ਕੇ ਦਿੱਲੀ ਬਾਰਡਰ 'ਤੇ ਦਿਨ-ਰਾਤ ਸੰਯੁਕਤ ਕਿਸਾਨ ਮੋਰਚੇ ਦੇ ਮੋਢੇ ਨਾਲ ਮੋਢਾ ਲਾ ਕੇ ਕਾਨੂੰਨ ਰੱਦ ਕਰਵਾਉਣ ਤੱਕ ਆਪਣਾ ਪਸੀਨਾ ਵਹਾਇਆ ਹੈ ਤੇ ਉਸ ਮਿਹਨਤ ਦਾ ਮੁੱਲ ਮਿਲਣ ਦੀ ਖੁਸ਼ੀ ਚਿਹਰਿਆਂ ਤੋ ਸਾਫ਼ ਝਲਕ ਰਹੀ ਹੈ । ਲਖਵੀਰ ਬਾਠ ਨੇ ਕਿਹਾ ਕਿ ਕਿੰਗਰਾ ਚੋ ਵਾਲਾ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਹਰ ਉਸ ਨਿਵਾਸੀ ਨੇ ਜਿਸ ਦਿਨ ਤੋਂ ਦਿੱਲੀ ਦੇ ਬਾਰਡਰ 'ਤੇ ਅੰਦੋਲਨ ਸ਼ੁਰੂ ਹੋਇਆ ਹੈ, ਉਸ ਦਿਨ ਤੋ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਤੇ ਬੀਤੇ ਦਿਨ ਹੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੀ ਘਰ ਵਾਪਸੀ ਕੀਤੀ ਹੈ ।

Posted By: Rajnish Kaur