ਗੁਰਦੀਪ ਸਿੰਘ ਲਾਲੀ, ਫਿਲੌਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਫਿਲੌਰ ਕਸਬੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਮੱਧ ਪ੍ਰਦੇਸ਼ ਦੇ ਹੁਸਨ ਨਿਜਰਾ ਜ਼ਿਲ੍ਹੇ ਦੇ ਪਿੰਡ ਜਵਾਨੀਆ ਦੇ ਵਾਸੀ ਭੀਕੂ ਮੀਨਾ (25) ਵਜੋਂ ਹੋਈ ਹੈ। ਭੀਖੂ ਮੀਨਾ ਨੇ ਪੱਥਰ ਤੇ ਫੁੱਲਾਂ ਦਾ ਘੜਾ ਸੁੱਟ ਕੇ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

ਘਟਨਾ ਬਾਰੇ ਪਤਾ ਲੱਗਦੇ ਹੀ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਦੱਸਿਆ ਜਿਸ ਨੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ ਜੋ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਕਿਸਮ ਦੇ ਘਿਨਾਉਣੇ ਕੰਮਾਂ 'ਚ ਸ਼ਾਮਲ ਸ਼ਰਾਰਤੀ ਅਨਸਰਾਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸੀਐੱਮ ਚੰਨੀ ਨੇ ਬਿਨਾਂ ਸ਼ੱਕ ਕਿਹਾ ਕਿ ਕਿਸੇ ਨੂੰ ਵੀ ਸੂਬੇ 'ਚ ਸਖਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਕਿਹਾ ਕਿ ਉਹ ਪਹਿਲਾਂ ਹੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਹੁਕਮ ਦੇ ਚੁੱਕੇ ਹਨ ਕਿ ਉਹ ਸੂਬੇ ਦੇ ਹਰ ਕੋਨੇ 'ਚ ਨਿਗਰਾਨੀ ਵਧਾਉਣ।

ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਹਾਲਾਤ ਸਦਾ ਹੀ ਸੰਵੇਦਨਸ਼ੀਲ ਰਹਿੰਦੇ ਹਨ ਪਰ ਸੂਬਾ ਸਰਕਾਰ ਇਸ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਜਾਬ ਵਿਚ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ਾਂ ਵਾਲੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤੱਤਾਂ ਦੇ ਨਾਪਾਕ ਇਰਾਦਿਆਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ। ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਲਈ ਅਪੀਲ ਕਰਦਿਆਂ ਸ੍ਰੀ ਚੰਨੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਰੋਲ ਅਦਾ ਕੀਤਾ ਜਾਵੇ ਤਾਂ ਕਿ ਪੰਜਾਬ ਵਿਚ ਹੋਰ ਵੀ ਵਧੇਰੇ ਸ਼ਾਂਤੀਪਸੰਦ ਅਤੇ ਸਦਭਾਵਨਾ ਵਾਲੇ ਮਾਹੌਲ ਸਿਰਿਜਆ ਜਾ ਸਕੇ।

ਦੱਸਣਯੋਗ ਹੈ ਕਿ ਫਿਲੌਰ ਵਿਖੇ ਇੱਕ ਚੌਂਕ 'ਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸ਼ਸੋਭਿਤ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਕਿਸੇ ਸ਼ਰਾਰਤੀ ਨੇ ਇਸ 'ਤੇ ਹਮਲਾ ਕੀਤਾ ਹੈ। ਜਿਸ ਨਾਲ ਡਾ. ਅੰਬੇਡਕਰ ਦੇ ਪੈਰੋਕਾਰਾਂ ਵਿੱਚ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਘਟਨਾ ਦੀ ਖ਼ਬਰ ਉਪਰੰਤ ਇਲਾਕੇ ਭਰ ਦੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ ਤੇ ਕਈ ਇਸ ਨੂੰ ਕਾਂਗਰਸ ਵਲੋਂ ਐੱਸਸੀ ਭਾਈਚਾਰੇ ਦੇ ਨਵੇਂ ਮੁੱਖ ਮੰਤਰੀ ਚਰਜਨਜੀਤ ਸਿੰਘ ਚੰਨੀ ਬਣਾਏ ਜਾਣ ਨਾਲ ਜੋੜ ਰਹੇ ਹਨ। ਫਿਲੌਰ ਪੁਲਿਸ ਮੁਸਤੈਦੀ ਨਾਲ ਇਸ ਦੀ ਜਾਂਚ ਚ ਜੁਟੀ ਹੋਈ ਹੈ।

Posted By: Rajnish Kaur