- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੌਨਸੂਨ ਦੌਰਾਨ ਪਾਣੀ ਦੀ

-ਮੌਨਸੂਨ ਦੌਰਾਨ ਪਾਣੀ ਦੀ ਨਿਕਾਸੀ ’ਤੇ ਪਵੇਗਾ ਅਸਰ : ਨਿਗਮ ਪ੍ਰਸ਼ਾਸਨ ਦਾ ਦਾਅਵਾ
ਜਾਗਰਣ ਸੰਵਾਦਦਾਤਾ, ਜਲੰਧਰ :
ਮੌਨਸੂਨ ਤੋਂ ਪਹਿਲਾਂ, ਨਿਗਮ ਨੇ ਸ਼ਹਿਰ ਦੀਆਂ ਪ੍ਰਮੁੱਖ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਤੇਜ਼ ਕਰ ਦਿੱਤਾ ਹੈ। ਸ਼ਹਿਰ ’ਚ 10 ਤੋਂ ਵੱਧ ਸਥਾਨਾਂ 'ਤੇ ਸੁਪਰ ਸੱਕਸ਼ਨ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਦਕਿ ਨਿਗਮ ਦੀਆਂ ਜੇਟਿੰਗ ਮਸ਼ੀਨਾਂ ਤੇ ਗ੍ਰੈਬ ਬਕੇਟ ਮਸ਼ੀਨਾਂ ਤੰਗ ਇਲਾਕਿਆਂ ਵਿਚ ਸੀਵਰੇਜ ਨੂੰ ਸਾਫ ਕਰਨ ’ਚ ਲੱਗੀਆਂ ਹਨ। ਇਸਦੇ ਬਾਵਜੂਦ, ਨਿਗਮ ਦੇ ਡਿਸਪੋਜ਼ਲ 'ਤੇ ਪਾਵਰ ਬੈਕਅਪ ਦੀ ਘਾਟ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਸ਼ਹਿਰ ’ਚ ਨਿਗਮ ਦੇ 31 ਡਿਸਪੋਜ਼ਲ ਹਨ, ਪਰ ਸਿਰਫ 8 'ਤੇ ਹੀ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਡਿਸਪੋਜ਼ਲ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਂਦੇ ਹਨ ਤੇ ਜਲਭਰਾਵ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਰਖਾ ਦੌਰਾਨ ਬਿਜਲੀ ਚਲੀ ਜਾਣ 'ਤੇ ਬਾਕੀ 23 ਡਿਸਪੋਜ਼ਲ 'ਤੇ ਮੁਸ਼ਕਲਾਂ ਆ ਸਕਦੀਆਂ ਹਨ। ਨਿਗਮ ਦੇ ਤਕਨੀਕੀ ਸਲਾਹਕਾਰ ਸਤਿੰਦਰ ਕੁਮਾਰ ਅਨੁਸਾਰ ਸਾਰੇ ਡਿਸਪੋਜ਼ਲ 'ਤੇ ਜਨਰੇਟਰ ਦਾ ਪ੍ਰਬੰਧ ਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ। ਬਾਕੀ ਸਥਾਨਾਂ 'ਤੇ ਕਿਰਾਏ 'ਤੇ ਜਨਰੇਟਰ ਲਏ ਜਾਣਗੇ।
ਮੌਨਸੂਨ ਦੌਰਾਨ ਪਾਣੀ ਦਾ ਭਰ ਜਾਣਾ ਸਭ ਤੋਂ ਵੱਧ ਅਸਰ ਤੰਗ ਇਲਾਕਿਆਂ, ਖਾਸ ਕਰਕੇ ਪੁਰਾਣੇ ਬਾਜ਼ਾਰਾਂ ’ਚ ਹੁੰਦਾ ਹੈ। ਇਨ੍ਹਾਂ ਇਲਾਕਿਆਂ ’ਚ ਸੀਵਰੇਜ ਦੀਆਂ ਲਾਈਨਾਂ ਛੋਟੀਆਂ ਹਨ ਤੇ ਹਾਲੇ ਤੱਕ ਇਨ੍ਹਾਂ ਦੀ ਸਫ਼ਾਈ ਵੀ ਸ਼ੁਰੂ ਨਹੀਂ ਹੋਈ। ਪਾਣੀ ਭਰ ਜਾਣ ਨਾਲ ਦੁਕਾਨਦਾਰਾਂ ਦਾ ਕੰਮ ਵੀ ਲਗਪਗ ਠੱਪ ਹੋ ਜਾਂਦਾ ਹੈ।
ਨਿਗਮ ਦੇ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟ 'ਤੇ ਪਾਵਰ ਬੈਕਅਪ ਮੌਜੂਦ ਹੈ ਤੇ ਸਮਰੱਥਾ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਪਰ ਸਮੱਸਿਆ ਇਹ ਹੈ ਕਿ ਜਦੋਂ ਵਰਖਾ ਤੇਜ਼ ਹੁੰਦੀ ਹੈ, ਤਾਂ ਪਾਣੀ ਦੇ ਦਬਾਅ ਨੂੰ ਘਟਾਉਣ ਲਈ ਵੱਧ ਮੋਟਰਾਂ ਚਲਾਉਣੀਆਂ ਪੈਂਦੀਆਂ ਹਨ। ਇਸ ਸਥਿਤੀ ਵਿਚ ਐੱਸਟੀਪੀ 'ਤੇ ਲੱਗੇ ਜਨਰੇਟਰ ਸੀਮਿਤ ਸਮਰੱਥਾ ਤੱਕ ਹੀ ਕੰਮ ਕਰਦੇ ਹਨ ਤੇ ਪਾਣੀ ਦਾ ਫਲੋਅ ਵਧ ਜਾਂਦਾ ਹੈ। ਪਿਛਲੇ ਸਾਲ ਇਸੇ ਕਾਰਨ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਕਈ ਘੰਟੇ ਫੇਲ੍ਹ ਹੋ ਗਿਆ ਸੀ। ਇਸ ਨਾਲ ਅਰਬਨ ਅਸਟੇਟ, ਮਾਡਲ ਟਾਊਨ, ਨਿਊ ਜਵਾਹਰ ਨਗਰ ਅਤੇ ਲਾਜਪਤ ਨਗਰ ਇਲਾਕਿਆਂ ਵਿਚ ਪਾਣੀ ਭਰ ਗਿਆ ਸੀ। ਕਈ ਸ਼ੋਅਰੂਮ ਤੇ ਬੇਸਮੈਂਟ ਵਿਚ ਚੱਲ ਰਹੇ ਵਪਾਰਕ ਸੰਸਥਾਨ ਪਾਣੀ ਵਿਚ ਡੁੱਬ ਗਏ ਸਨ, ਜਿਸ ਨਾਲ ਲੋਕਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਸੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਮੰਨਿਆ ਕਿ ਹਾਲੇ ਵੀ ਐੱਸਟੀਪੀ 'ਤੇ ਪਾਵਰ ਬੈਕਅਪ ਲਈ ਯੋਗ ਇੰਤਜ਼ਾਮ ਨਹੀਂ ਹਨ। ਜੇਕਰ ਇਸ ਵਾਰ ਵਰਖਾ ਵੱਧ ਹੋਈ, ਤਾਂ ਨਿਕਾਸੀ 'ਤੇ ਅਸਰ ਪੈ ਸਕਦਾ ਹੈ।
-ਮਸ਼ੀਨਰੀ ਵਧਣ ਨਾਲ ਨਗਰ ਨਿਗਮ ਨੂੰ ਮਿਲੀ ਰਾਹਤ
ਇਸ ਸਾਲ ਨਗਰ ਨਿਗਮ ਕੋਲ ਮਸ਼ੀਨਰੀ ਪਹਿਲਾਂ ਤੋਂ ਵੱਧ ਹੈ। ਨਗਰ ਨਿਗਮ ਕੋਲ 17 ਜੇਟਿੰਗ ਮਸ਼ੀਨਾਂ ਹਨ ਜੋ ਮੈਨਹੋਲ ਤੋਂ ਗਾਰ ਕੱਢਣ ਅਤੇ ਪਾਣੀ ਦੀ ਨਿਕਾਸੀ ਚਾਲੂ ਕਰਨ ਵਿਚ ਵਰਤੀ ਜਾ ਰਹੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 8 ਨਵੀਆਂ ਜੇਟਿੰਗ ਮਸ਼ੀਨਾਂ ਆਉਣ ਨਾਲ ਕਾਫੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ, ਨਗਰ ਨਿਗਮ ਕੋਲ 24 ਗ੍ਰੈਬ ਬਕੇਟ ਮਸ਼ੀਨਾਂ ਹਨ। ਇਹ ਮਸ਼ੀਨਾਂ ਤੰਗ ਇਲਾਕਿਆਂ ਵਿਚ ਸੀਵਰੇਜ ਲਾਈਨ ਤੋਂ ਗਾਰ ਕੱਢ ਕੇ ਸਿਸਟਮ ਨੂੰ ਸੁਚਾਰੂ ਕਰ ਰਹੀਆਂ ਹਨ। ਪਿਛਲੇ ਸਾਲ 16 ਗ੍ਰੈਬ ਬਕੇਟ ਮਸ਼ੀਨਾਂ ਸਨ, ਪਰ ਹੁਣ 8 ਨਵੀਆਂ ਮਸ਼ੀਨਾਂ ਆਉਣ ਨਾਲ ਸਾਰੇ ਇਲਾਕਿਆਂ ’ਚ ਕੰਮ ਸੌਖੇ ਢੰਗ ਨਾਲ ਹੋ ਰਿਹਾ ਹੈ। ਨਿਗਮ ਕੋਲ 10 ਸੱਕਸ਼ਨ ਟੈਂਕਰ ਵੀ ਹਨ ਜੋ ਮੈਨਹੋਲ ਦੀ ਸਫਾਈ ਦੇ ਨਾਲ-ਨਾਲ ਵਰਖਾ ਦੌਰਾਨ ਪਾਣੀ ਦੀ ਨਿਕਾਸੀ ਵਿਚ ਕੰਮ ਆਉਣਗੇ।
-10 ਨੀਵੇਂ ਇਲਾਕਿਆਂ 'ਤੇ ਸੁਪਰ ਸੱਕਸ਼ਨ ਮਸ਼ੀਨਾਂ ਸਰਗਰਮ
ਨਗਰ ਨਿਗਮ ਨੇ 10 ਨੀਵੇਂ ਇਲਾਕਿਆਂ ’ਚ ਸੁਪਰ ਸੱਕਸ਼ਨ ਮਸ਼ੀਨਾਂ ਲਗਾਈਆਂ ਹਨ। ਅਧਿਕਾਰੀਆਂ ਅਨੁਸਾਰ ਪੂਰੇ ਸ਼ਹਿਰ ਦੇ ਸੀਵਰੇਜ ਨੂੰ ਸਾਫ ਕਰਨ ਵਿਚ ਹਾਲੇ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਫਿਲਹਾਲ ਟ੍ਰਾਂਸਪੋਰਟ ਨਗਰ ਦੇ ਆਲੇ-ਦੁਆਲੇ, ਰਾਮਾ ਮੰਡੀ, ਗੜ੍ਹਾ, ਭਾਰਗਵ ਕੈਂਪ, ਬਸਤੀ ਬਾਵਾ ਖੇਲ, ਇੰਡਸਟ੍ਰੀਅਲ ਏਰੀਆ ਤੇ ਨੈਸ਼ਨਲ ਹਾਈਵੇਅ ਨਾਲ ਜੁੜੇ 10 ਸੰਵੇਦਨਸ਼ੀਲ ਪੁਆਇੰਟ 'ਤੇ ਸੁਪਰ ਸੱਕਸ਼ਨ ਮਸ਼ੀਨਾਂ ਨਾਲ ਪਾਈਪਾਂ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਨ ਦਾ ਕੰਮ ਚੱਲ ਰਿਹਾ ਹੈ। ਨਿਗਮ ਦਾ ਦਾਅਵਾ ਹੈ ਕਿ ਮੌਨਸੂਨ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਸੀਵਰੇਜ ਲਾਈਨਾਂ ਨੂੰ ਦਰੁਸਤ ਕਰ ਲਿਆ ਜਾਵੇਗਾ।