ਤੇਜਿੰਦਰ ਕੌਰ ਥਿੰਦ, ਜਲੰਧਰ : ‘‘ਪੰਜਾਬ ਵਿਚ ਅਕਾਲੀ -ਭਾਜਪਾ ਗਠਜੋਡ਼ ਟੁੱਟਣ ਤੋਂ ਬਾਅਦ ਭਾਜਪਾ ਆਪਣੀ ਸਥਿਤੀ ਦਿਨੋਂ ਦਿਨ ਮਜਬੂਤ ਕਰਨ ਵਿਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸ ਦੀ ਸਥਿਤੀ ਬੇਹੱਦ ਕਮਜ਼ੋਰ ਹੋ ਰਹੀ ਹੈ ਕਿਉਂਕਿ ਕਾਂਗਰਸ ਦੇ ਵੱਡੇ ਦਿੱਗਜ ਆਗੂ ਭਾਜਪਾ ਵਿਚ ਜਾ ਰਲੇ ਹਨ। ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਸਮੇਤ ਕੀਤੇ ਰਲੇਵੇਂ ਨਾਲ ਭਾਜਪਾ ਦੀ ਸਥਿਤੀ ਹੋਰ ਮਜਬੂਤ ਹੋਈ ਹੈ’’। ਇਹ ਕਹਿਣਾ ਹੈ ਆਦਮਪੁਰ ਹਲਕੇ ਤੋਂ ਭਾਜਪਾ ਆਗੂ ਜਗਦੀਸ਼ ਕੁਮਾਰ ਜੱਸਲ ਦਾ।

‘ਪੰਜਾਬੀ ਜਾਗਰਣ’ ਦੇ ਦਫ਼ਤਰ ਉਚੇਚੇ ਤੌਰ ’ਤੇ ਪੁੱਜੇ ਜੱਸਲ ਹੋਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਸਿਰਫ਼ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ। ਅੱਜ ਸੱਤਾ ਵਿਚ ਇਕ ਅਣਜਾਣ ਪਾਰਟੀ ਹੈ, ਜਿਸ ਕਾਰਨ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਅਜਿਹੇ ਮੋਡ਼ ’ਤੇ ਪਹੁੰਚ ਚੁੱਕੀ ਹੈ, ਜਿੱਥੇ ਆਮ ਨਾਗਰਿਕ ਹਰ ਵੇਲੇ ਖੌਫ਼ ਵਿਚ ਜਿਉਣ ਲਈ ਮਜਬੂਰ ਹੈ। ਸੂਬੇ ਦੀ ਵਿੱਤੀ ਸਥਿਤੀ ਵੀ ਨਾਜ਼ੁਕ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਲਈ ਕਈ ਤਰ੍ਹਾਂ ਦੇ ਲੁਭਾਵਣੇ ਵਾਅਦੇ ਕੀਤੇ ਪਰ ਕਿਸੇ ਵੀ ਤਰ੍ਹਾਂ ਦਾ ਵਾਅਦਾ ਪੂਰਾ ਕਰਨ ਵਿਚ ਅਸਮੱਰਥ ਹੈ। ਇਨ੍ਹਾਂ ਵੱਲੋਂ ਪ੍ਰਚਾਰ 99 ਫੀਸਦ ਕੀਤਾ ਜਾ ਰਿਹਾ ਹੈ ਤੇ ਕੰਮ ਸਿਰਫ਼ 1 ਫੀਸਦ ਹੈ। ਬਿਜਲੀ ਦੇ ਬਿੱਲ ਜ਼ੀਰੋ ਆਉਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਿਰਫ਼ ਦਿਖਾਵਾ ਕੀਤਾ ਜਾ ਰਿਹਾ ਹੈ। ਜਨਤਾ ਤਾਂ ਭਾਰੀ ਬਿੱਲ ਆਉਣ ਕਾਰਨ ਹਾਹਾਕਾਰ ਕਰ ਰਹੀ ਹੈ।

ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਵਿਚ ਦਿਨੋਂ-ਦਿਨ ਨਸ਼ਾ ਵੱਧ ਰਿਹਾ ਹੈ। ਹੁਣ ਮੁਟਿਆਰਾਂ ਤੇ ਸਜਵਿਆਹੀਆਂ ਵੀ ਚਿੱਟਾ ਪੀਣ ਲੱਗ ਪਈਆਂ ਹਨ। ਸਰਕਾਰ ਨਸ਼ਾ ਵੇਚਣ ਵਾਲੇ ਮਗਰਮੱਛਾਂ ਨੂੰੂ ਹੱਥ ਪਾਉਣ ’ਚ ਅਸਫ਼ਲ ਸਿੱਧ ਹੋਈ ਹੈ। ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ। ਪੰਜਾਬ ਵਿਚ ਅਜਿਹੇ ਹਾਲਾਤ ਪਹਿਲਾਂ ਕਦੇ ਵੀ ਨਹੀਂ ਰਹੇ।

ਜੱਸਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਭਾਜਪਾ ਆਪਣੀ ਸਥਿਤੀ ਮਜਬੂਤ ਕਰਨ ਲਈ ਵੱਖ ਵੱਖ ਪੱਖਾਂ ’ਤੇ ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਭਾਜਪਾ ਕਿਸਾਨੀ ਮੁੱਦਿਆਂ ਨੂੰ ਹੱਲ ਕਰਨ, ਸਿੱਖਾਂ ਤੇ ਦਲਿਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਚੰਡੀਗਡ਼੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਕੇਂਦਰ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਂ ਭਗਤ ਰਵਿਦਾਸ ਦੇ ਨਾਂ ’ਤੇ ਰੱਖੇ ਜਾਣ ਦਾ ਐਲਾਨ ਵੀ ਕੀਤਾ ਜਾਵੇਗਾ। ਆਦਮਪੁਰ ਹਲਕੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਦਮਪੁਰ ਹਲਕਾ ਕਾਫੀ ਲੰਬੇ ਸਮੇਂ ਤੋਂ ਸਰਕਾਰ ਨੇ ਅੱਖੋਂ-ਪਰੋਖੇ ਕੀਤਾ ਹੋਇਆ ਹੈ। ਇੱਥੋਂ ਦੇ ਵਿਕਾਸ ਕਾਰਜ ਰੁਕੇ ਪਏ ਹਨ। ਹੁਣ ਸਮੇਂ ਦੀ ਮੰਗ ਹੈ ਕਿ ਇਥੇ ਬਣਾਏ ਜਾ ਰਹੇ ਪੁਲਾਂ ਦਾ ਕੰਮ ਜਲਦ ਪੁੂਰਾ ਕੀਤਾ ਜਾਵੇ। ਆਦਮਪੁਰ ਹਲਕੇ ਨੂੰ ਸਟੇਡੀਅਮ, ਸਿਹਤ ਸਹੂਲਤ ਤੇ ਮਿਆਰੀ ਸਿੱਖਿਆ ਮਿਲੇ। ਆਦਮਪੁਰ ਏਅਰਪੋਰਟ ਤੋਂ ਵੀ ਫਲਾਈਟਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਇਸ ਨਾਲ ਦੁਆਬੇ ਦੇ ਲੋਕਾਂ ਖਾਸ ਕਰ ਕੇ ਵਪਾਰੀਆਂ ਨੂੰ ਲਾਭ ਮਿਲੇਗਾ।

Posted By: Sandip Kaur