ਜ.ਸ., ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕਥਿਤ ਰੇਤ ਮਾਈਨਿੰਗ ਮਾਮਲੇ ਵਿਚ ਦਾਇਰ ਚਾਰਜਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਨਾਲ ਸਹਿ ਮੁਲਜ਼ਮ ਕੁਦਰਤ ਦੀਪ ਸਿੰਘ ਨੂੰ ਵੀ ਪੀਐੱਮਐੱਲਏ (ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ) ਤਹਿਤ ਅਦਾਲਤ ਨੇ ਸੰਮਨ ਕਰ ਲਿਆ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ, ਜਿਨ੍ਹਾਂ ਦੀ ਅਦਾਲਤ ਨੂੰ ਪੀਐੱਮਐੱਲਏ ਅਦਾਲਤ ਦੇ ਰੂਪ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ, ਨੇ ਹੁਕਮ ਜਾਰੀ ਕੀਤੇ ਕਿ ਕੁਦਰਤ ਦੀਪ ਸਿੰਘ ਨੂੰ 5 ਮਈ ਨੂੰ ਅਦਾਲਤ ਵਿਚ ਤਲਬ ਕੀਤਾ ਜਾਵੇ।

ਈਡੀ ਵੱਲੋਂ 31 ਮਾਰਚ ਨੂੰ ਇਸ ਮਾਮਲੇ ਵਿਚ ਚਾਰਜਸ਼ੀਟ ਦਾਖਲ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ’ਚ ਕੁਦਰਤਦੀਪ ਲਈ ਇਹ ਪਹਿਲਾ ਸੰਮਨ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਰਿਸ਼ਤੇਦਾਰ ਭੂਪਿੰਦਰ ਸਿੰਘ ਹਨੀ ਪਹਿਲਾਂ ਹੀ ਇਸੇ ਕੇਸ ਵਿਚ ਅਦਾਲਤ ’ਚ ਪੇਸ਼ ਹੋ ਚੁੱਕਾ ਹੈ ਅਤੇ ਉਸ ਨੂੰ ਚਾਰਜਸ਼ੀਟ ਦੀ ਕਾਪੀ ਨਿੱਜੀ ਤੌਰ ’ਤੇ ਸੌਂਪੀ ਗਈ ਹੈ।

ਦੂਜੇ ਪਾਸੇ ਭੁਪਿੰਦਰ ਸਿੰਘ ਹਨੀ ਅਤੇ ਕੁਦਰਤਦੀਪ ਸਿੰਘ ਵੱਲੋਂ ਦਾਇਰ ਜ਼ਮਾਨਤੀ ਪਟੀਸ਼ਨ 27 ਅਪ੍ਰੈਲ ਤਕ ਟਾਲ ਦਿੱਤੀ ਗਈ ਹੈ। ਭੁਪਿੰਦਰ ਸਿੰਘ ਹਨੀ ਬੁੱਧਵਾਰ ਨੂੰ ਕਪੂਰਥਲਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਜਿੱਥੇ ਉਸ ਨੂੰ ਨਿਆਇਕ ਹਿਰਾਸਤ ਵਿਚ ਰੱਖਿਆ ਗਿਆ ਹੈ।

Posted By: Tejinder Thind