ਕਮਲ ਕਿਸ਼ੋਰ, ਜਲੰਧਰ : ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹੇ ਵਿਚ ਨਾ ਤਾਂ ਟੀਮਾਂ ਗਠਿਤ ਹੋਈਆਂ ਹਨ ਅਤੇ ਨਾ ਹੀ ਜ਼ਿਲ੍ਹਾ ਅਤੇ ਸੂਬਾ ਪੱਧਰੀ ਗੇਮਾਂ ਕਰਵਾਈਆਂ ਗਈਆਂ ਹਨ। ਦੂਜੇ ਪਾਸੇ ਸੂਬਾ ਸਰਕਾਰ ਨੇ ਆਫਿਸ਼ਿਏਟਿੰਗ ਤੌਰ 'ਤੇ ਕੰਮ ਕਰ ਰਹੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਤਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਆਫਿਸ਼ਿਏਟਿੰਗ ਡੀਐਸਓ ਕਿਸੇ ਨਾ ਕਿਸੇ ਖੇਡ ਨਾਲ ਜੁੜੇ ਹੋਏ ਸਨ ਅਤੇ ਕੋਚ ਦੀ ਭੂਮਿਕਾ ਵਿਚ ਸਨ। ਉਨ੍ਹਾਂ ਦੀਆਂ ਥਾਵਾਂ ’ਤੇ ਸਥਾਈ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਦੂਜੇ ਜ਼ਿਲ੍ਹਿਆਂ ਦਾ ਵਾਧੂ ਕਾਰਜਭਾਰ ਸੌਂਪ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਫਿਸ਼ਿਏਟਿੰਗ ਤੌਰ 'ਤੇ ਕੰਮ ਕਰ ਰਹੇ ਜ਼ਿਲ੍ਹਾ ਖੇਡ ਅਧਿਕਾਰੀ ਪਿਛਲੇ ਦੋ ਸਾਲ ਤੋਂ ਕੰਮ ਨੂੰ ਦੇਖ ਰਹੇ ਸਨ।

ਕਈ ਸਾਲਾਂ ਤੋਂ ਸੂੁਬੇ ਦੇ ਦਸ ਜ਼ਿਲ੍ਹਿਆਂ ਵਿਚ ਡੀਐਸਓ ਦੇ ਅਹੁਦੇ ਖਾਲੀ ਹਨ। ਸਰਕਾਰ ਨੇ ਇਨ੍ਹਾਂ ਆਸਾਮੀਆਂ ਨੂੰ ਭਰਨਾ ਮੁਨਾਸਿਬ ਨਾ ਸਮਝਿਆ। ਇਕ ਸਥਾਈ ਡੀਐਸਓ ਨੂੰ ਦੋ ਜ਼ਿਲ੍ਹਿਆਂ ਦਾ ਕੰਮ ਕਾਜ ਦੇਖਣ ਵਿਚ ਦਿੱਕਤ ਆ ਰਹੀ ਸੀ। ਇਸ ਦਾ ਅਸਰ ਖਿਡਾਰੀਆਂ ਦੀ ਗ੍ਰੇਡੇਸ਼ਨ, ਜ਼ਿਲ੍ਹਾ ਅਤੇ ਸੂੁਬਾ ਪੱਧਰੀ ਗੇਮਜ਼ ’ਤੇ ਪੈ ਸਕਦਾ ਹੈ। ਕੋਰੋਨਾ ਵਾਇਰਸ ਨੇ ਪਹਿਲਾਂ ਹੀ ਖੇਡਾਂ ਬੰਦ ਕੀਤੀਆਂ ਹੋਈਆਂ ਹਨ।

ਇਨ੍ਹਾਂ ਜ਼ਿਲ੍ਹਿਆਂ ਵਿਚ ਹਨ ਖਾਲੀ ਡੀਐਸਓ ਦੇ ਅਹੁਦੇ

ਸੂਬੇ ਵਿਚ ਪਠਾਨਕੋਟ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਵਿਚ ਆਫਿਸਿਏਟਿੰਗ ਦੇ ਤੌਰ ’ਤੇ ਡੀਐਸਓ ਲਾਏ ਗਏ ਸਨ,ਜਿਹੜੇ ਦੋ ਢਾਈ ਸਾਲ ਤੋਂ ਕੰਮਕਾਜ ਦੇਖ ਰਹੇ ਸਨ। ਜਲੰਧਰ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਸਿੰਘ ਆਫਿਸ਼ਿਏਟਿੰਗ ਤੌਰ ’ਤੇ ਡੀਐਸਓ ਦਾ ਕੰਮਕਾਜ ਦੇਖ ਰਹੇ ਸਨ। ਹੁਣ ਕਪੂਰਥਲਾ ਦੇ ਡੀਐਸਓ ਨੂੰ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Posted By: Tejinder Thind