ਜੇਐੱਨਐੱਨ, ਜਲੰਧਰ : ਮੁਹੱਲੇ ’ਚ ਤਿੰਨ ਘਰ ਛੱਡ ਕੇ ਗੁਆਂਢੀ ਨੇ ਘਰ ਦੇ ਬਾਹਰ ਸਿਆਸੀ ਪਾਰਟੀ ਦਾ ਹੋਰਡਿੰਗ ਲਾਇਆ ਹੋਇਆ ਹੈ। ਪਤਾ ਨਹੀਂ ਉਸ ਨੇ ਇਸ ਦੀ ਇਜਾਜ਼ਤ ਲਈ ਹੈ ਜਾਂ ਨਹੀ। ਤੁਸੀਂ ਇਸ ਦੀ ਜਾਂਚ ਕਰ ਸਕਦੇ ਹੋ। ਕਾਰਵਾਈ ਜਾਂ ਜੁਰਮਾਨਾ ਜ਼ਰੂਰ ਕਰਨਾ। ਕੁਝ ਅਜਿਹੀਆਂ ਹੀ ਸ਼ਿਕਾਇਤਾਂ ਇਨ੍ਹੀਂ ਦਿਨੀ ਸੀ-ਵਿਜ਼ਿਲ ਐਪ ਅਤੇ ਟੋਲਫ੍ਰੀ ਨੰਬਰ 1950 ’ਤੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਰਹੀਆਂ ਹਨ। ਸ਼ਿਕਾਇਤਾਂ ਸਿਰਫ਼ ਹੋਰਡਿੰਗ ਜਾਂ ਬੈਨਰ ਤਕ ਹੀ ਸੀਮਤ ਨਹੀਂ ਹਨ, ਸਗੋਂ ਨਾਜਾਇਜ਼ ਨਿਰਮਾਣ ਜਾਂ ਰੰਜਿਸ਼ ਦੀਆਂ ਵੀ ਮਿਲ ਰਹੀਆਂ ਹਨ। ਲੋਕ ਚੋਣ ਜ਼ਾਬਤੇ ਦੇ ਉਲੰਘਣ ਜਾਂ ਹੋਰ ਪਰੇਸ਼ਾਨੀ ਦੀ ਬਜਾਏ ਗੁਆਂਢੀਆਂ ਖ਼ਿਲਾਫ਼ ਜ਼ਿਆਦਾ ਖੁੰਦਸ ਕੱਢ ਰਹੇ ਹਨ। ਚੋਦ ਜ਼ਾਬਤਾ ਲੱਗਣ ਤੋਂ ਬਾਅਦ ਪੰਜ ਦਿਨਾਂ ’ਚ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਸੀ-ਵਿਜ਼ਿਲ ਐਪ ’ਤੇ 103 ਸ਼ਿਕਾਇਤਾਂ ਆਈਆਂ ਅਤੇ ਟੋਲ ਫ੍ਰੀ ਨੰਬਰ ’ਤੇ 4241 । ਇਨ੍ਹਾਂ ’ਚੋਂ ਨਾਜਾਇਜ਼ ਨਿਰਮਾਣ ਦੀਆਂ ਸ਼ਿਕਾਇਤਾਂ ਦੀ ਗਿਣਤੀ 15 ਤੋਂ ਜ਼ਿਆਦਾ ਹੈ, ਜਦੋਂਕਿ ਚਾਰ ਸ਼ਿਕਾਇਤਾਂ ਗੁਆਂਢੀ ਦੀ ਦੀਵਾਰ ’ਤੇ ਬੋਰਡ ਜਾਂ ਝੰਡਾ ਲੱਗੇ ਹੋਣ ਦੀਆਂ ਹਨ।

ਗੁਆਂਢੀ ਨਾਲ ਕੁੱਟਮਾਰ, ਗਾਲੀ ਕੱਢਣ ਦੇ ਵੀ ਦੋ ਮਾਮਲੇ ਸਾਹਮਣੇ ਆਏ ਹਨ। ਇਕ ’ਚ ਤਾਂ ਕਿਹਾ-ਸਰ ਗੁਆਂਢੀ ਨੂੰ ਫੜ ਕੇ ਥਾਣੇ ਲੈ ਜਾਓ, ਇਹਨੇ ਬੜਾ ਤੰਗ ਕੀਤਾ ਹੋਇਆ ਏ...। ਇਨ੍ਹਾਂ ਸਵਾਲਾਂ ਦਾ ਜਵਾਬ ਕੰਟਰੋਲ ਰੋਡ ’ਚ ਤਾਇਨਾਤ ਕਰਮੀ ਵੀ ਨਹੀਂ ਦੇ ਸਕਦੇ ਅਤੇ ਪੰਬ ਦਿਨਾਂ ’ਚ ਹੀ ਅਜਿਹੇ ਸਵਾਲ ਸੁਣ-ਸੁਣ ਕੇ ਤੰਗ ਪਰੇਸ਼ਾਨ ਹੋ ਗਏ। ਨਾਂ ਨਾ ਛਾਪਣ ਦੀ ਸ਼ਰਤ ’ਤੇ ਦੋ ਮੁਲਾਜ਼ਮਾਂ ਨੇ ਦੱਸਿਆ ਕਿ ਲੋਕ ਚੰਨੀ-ਸਿੱਧੂ ਦੀ ਲੜਾਈ ਅਤੇ ਕਿਹੜੀ ਪਾਰਟੀ ਜਿੱਤੇਗੀ? ਨੂੰ ਲੈ ਕੇ ਵੀ ਸਵਾਲ ਪੁੱਛ ਰਹੇ ਹਨ। ਕਾਫ਼ੀ ਸ਼ਿਕਾਇਤਾਂ ਰੱਦ ਕਰਨੀਆਂ ਪੈ ਰਹੀਆਂ ਹਨ।

ਅਜਿਹੇ ਸਵਾਲ ਵੀ ਫੋਨ ਕਰਕੇ ਪੁੱਛ ਰਹੇ ਲੋਕ

-ਆਟਾ ਦਾਲ ਸਕੀਮ ਦਾ ਰਾਸ਼ਨ ਇਯ ਵਾਰ ਮਿਲੇਗਾ ਜਾਂ ਨਹੀਂ?

-ਪੈਨਸ਼ਨ ਦੇ ਪੈਸੇ 1500 ਰੁਪਏ ਵਧਾਉਣ ਦੀ ਗੱਲ ਕਹੀ ਗਈ ਸੀ, ਕੀ ਉਹ ਵਧ ਕੇ ਮਿਲੇਗੀ?

-ਕੱਚੇ ਕਰਮਚਾਰੀ ਕਦੋਂ ਪੱਕੇ ਕਰਨੇ ਹਨ?

-ਵੋਟ ਬਣਵਾਉਣ ਲਈ ਫਾਰਮ ਭਰਿਆ ਸੀ, ਕਦੋਂ ਤਕ ਬਣ ਕੇ ਆਵੇਗੀ?

-ਇਸ ਵਾਰ ਕਿਹੜੀ ਪਾਰਟੀ ਦੇ ਜਿੱਤਣ ਦੇ ਆਸਾਰ ਹਨ?

-ਚੋਣ ਵਾਲੇ ਦਿਨ ਵੋਟਿੰਗ ਦਾ ਸਮਾਂ ਕਿੰਨਾ ਰਹੇਗਾ?

-ਮੇਰਾ ਬੂਥ ਕਿਹੜਾ ਹੋਵੇਗਾ। ਜੇਕਰ ਉਸ ਨੂੰ ਬਦਲਣਾ ਹੋਵੇ ਤਾਂ ਕੀ ਕਰੀਏ?

ਐਪ ’ਤੇ ਨੈਟਵਰਕ ਦੀ ਸਮੱਸਿਆ

ਚੋਣ ਕਮਿਸ਼ਨ ਨੇ ਸੀ-ਵਿਜ਼ਿਲ ਐਪ ਵੀ ਲਾਂਚ ਕੀਤੀ ਹੈ ਪਰ ਇੱਥੇ ਨੈੱਟਵਰਕ ਦੀ ਸਮੱਸਿਆ ਹੋਣ ਕਾਰਨ ਲੋਕ ਹੈਲਪਲਾਈਨ ਨੰਬਰ ਨੂੰ ਬਿਹਰਤ ਬਦਲ ਮੰਨਦੇ ਹਨ। ਇਹੀ ਕਾਰਨ ਹੈ ਕਿ ਕੁੱਲ 527 ਸ਼ਿਕਾਇਤਾਂ ’ਚ ਐਪ ’ਤੇ ਸਿਰਫ਼ 103 ਹੀ ਮਿਲੀਆਂ। ਕੰਟਰੋਲ ਰੂਪ ’ਚ ਤਿੰਨ ਸ਼ਿਫ਼ਟਾਂ ’ਚ ਅੱਠ-ਅੱਠ ਘੰਟੇ ਚਾਰ-ਚਾਰ ਕਰਮਚਾਰੀ ਕੰਟਰੋਲ ਰੂਮ ’ਚ ਤਾਇਨਾਤ ਰਹਿੰਦੇ ਹਨ।

ਗਲ਼ਤ ਤੇ ਅਧੂਰੀਆਂ ਸੂਚਨਾਵਾਂ ਮਿਲ ਰਹੀਆਂ

ਹੈਲਪਲਾਈਨ ਨੰਬਰ ’ਤੇ ਲਕੋ ਗਲਤ ਜਾਂ ਅਧੂਰੀਆਂ ਸੂਚਨਾਵਾਂ ਵੀ ਦੇ ਰਹੇ ਹਨ। ਇਕ ਸ਼ਿਕਾਇਤ ’ਚ ਕਿਹਾ ਗਿਆ ਕਿ ਕੰਨੋਵਾਲੀ ’ਚ ਕੋਰੋਨਾ ਦੇ ਬਾਵਜੂਦ ਰੈਲੀ ਹੋ ਰਹੀ ਹੈ। ਫੀਲਡ ਸਟਾਫ਼ ’ਚ ਤਾਇਨਾਤ ਕਰਮੀਆਂ ਨੂੰ ਪਤਾ ਹੀ ਨਹੀਂ ਕਿ ਕੰਨੋਵਾਲੀ ਜਗ੍ਹਾ ਕਿੱਥੇ ਹੈ। ਕੁਝ ਇਲਾਕਿਆਂ ’ਚ ਸਹੀ ਸਪਾਟ ਵੀ ਨਹੀਂ ਮਿਲ ਪਾ ਰਿਹਾ।

ਜ਼ਿਆਦਤਰ ਸ਼ਿਕਾਇਤਾਂ ਦਾ ਚੋਣ ਜ਼ਾਬਤੇ ਨਾਲ ਕੋਈ ਲੈਣਾ-ਦੇਣਾ ਨਹੀਂ

ਅੱਠ ਜਨਵਰੀ ਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਤਿੰਨ ਮੰਜ਼ਿਲ ’ਤੇ ਬਣੇ ਕਮਰਾ ਨੰਬਰ 304 ’ਚ ਕੰਟਰੋਲ ਰੂਮ ਬਣਾਇਆ ਗਿਆ ਹੈ। ਇੱਥੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਟਾਫ਼ ਦੀ ਡਿਊਟੀ ਲਾਈ ਗਈ ਹੈ। ਸ਼ਿਕਾਇਤ ਆਉਣ ’ਤੇ ਉਸ ਨੂੰ ਸਿੱਧਾ ਆਰਓ ਨੂੰ ਟਰਾਂਸਫਰ ਕੀਤਾ ਜਾਂਦਾ ਹੈ ਪਰ ਅਜਿਹੀਆਂ ਸ਼ਿਕਾਇਤਾਂ ’ਚ ਜ਼ਿਆਦਾਤਰ ਚੋਣ ਜ਼ਾਬਤੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ।

ਡੀਸੀ ਨੇ ਕਿਹਾ, ਲੋਕ ਪਰੇਸ਼ਾਨੀ ਨਾ ਵਧਾਉਣ

ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਲੋਕਾਂ ਨੂੰ ਇਸ ਸਮੇਂ ’ਚ ਸਟਾਫ਼ ਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ। ਜਾਗਰੂਕ ਨਾਗਰਿਕ ਦੇ ਰੂਪ ’ਚ ਸ਼ਿਕਾਇਤ ਕਰਨ ਤੋਂ ਪਹਿਲਾਂ ਖ਼ੁਦ ਇਹ ਪਰਖ਼ ਲਓ ਕਿ ਇੲ ਸ਼ਿਕਾਇਤ ਚੋਣ ਜ਼ਾਬਤੇ ਦੇ ਉਲੰਘਣ ਨਾਲ ਸਬੰਧ ਰੱਖਦੀ ਹੈ ਜਾਂ ਨਹੀਂ। ਹੈਲਪਲਾਈਨ ਨੰਬਰ1950 ’ਤੇ ਸਿਰਫ ਇਸ ਨਾਲ ਸਬੰਧਿਤ ਸ਼ਿਕਾਇਤ ਹੀ ਕਰੋ।

Posted By: Jagjit Singh