ਜੇਐੱਨਐੱਨ, ਜਲੰਧਰ : ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਏ ਜਾਣ ਮਗਰੋਂ ਵੀਰਵਾਰ ਨੂੰ ਟਵਿੱਟਰ ’ਤੇ ਨਵਜੋਤ ਸਿੱਧੂ ਉਰਫ਼ ਸ਼ੈਰੀ ਤੇ ਠੋਕੋ ਤਾਲੀ ਟਰੈਂਡ ਕਰਨ ਲੱਗੇ। ਲੋਕਾਂ ਨੇ ਸਿੱਧੂ ਦੀਆਂ ਪੁਰਾਣੀਆਂ ਤਸਵੀਰਾਂ ਕੱਢ ਕੇ ਤਨਜ ਕੱਸੇ। ਕਿਸੇ ਨੇ ਇਸ ਨੂੰ ਇਕ ਸਾਲ ਦਾ ਵਨਵਾਸ ਦੱਸਿਆ ਤਾਂ ਕਿਸੇ ਨੇ ਕਰਮਾਂ ਦੀ ਸਜ਼ਾ। ਉਨ੍ਹਾਂ ਦੇ ਨਾਲ ਹੀ ਪੰਜਾਬ ਕਾਂਗਰਸ ਵੀ ਖ਼ੂਬ ਟਰੈਂਡ ਹੋਈ। ਕਾਂਗਰਸ ਦੇ ਇਕ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖਡ਼ ਦੇ ਭਾਜਪਾ ’ਚ ਜਾਣ ਤੇ ਦੂਜੇ ਨਵਜੋਤ ਸਿੱਧੂ ਨੂੰ ਸਜ਼ਾ ਹੋਣ ਦੀਆਂ ਸੁਰਖ਼ੀਆਂ ਤੋਂ ਬਾਅਦ ਯੂਜ਼ਰਸ ਨੇ ਕਾਂਗਰਸ ਨੂੰ ਸ਼ੀਸ਼ਾ ਵੀ ਦਿਖਾਇਆ।

ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ’ਚ ਬੈਠੇ ਹੋੲ ਦੀ ਤਸਵੀਰ ਸਭ ਤੋਂ ਵੱਧ ਸ਼ੇਅਰ ਕੀਤੀ ਗਈ। ਇਸੇ ਸ਼ੋਅ ’ਚ ਕਈ ਵਾਰ ਉਹ ਠੋਕੋ ਤਾਲੀ ਸ਼ਬਦ ਬੋਲ ਕੇ ਲੋਕਾਂ ਨੂੰ ਹਸਾਉਂਦੇ ਸਨ, ਪਰ ਹੁਣ ਲੋਕਾਂ ਨੇ ਉਸ ’ਤੇ ਲਿਖਿਆ, ‘ਠੋਕ ’ਤੀ ਤਾਲੀ।’ ਕਦੀ ਉਸ ਤਸਵੀਰ ਨੂੰ ਫੋਟੋਸ਼ਾਪ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਲਗਾਇਆ ਗਿਆ ਤਾਂ ਕਦੀ ਅਰਚਨਾ ਪੂਰਨ ਸਿੰਘ ਦਾ। ਸਿੱਧੂ ਦੇ ਚੋਣਾਂ ਸਮੇਂ ਹੋਏ ਇਕ ਪ੍ਰੋਗਰਾਮ ’ਚ ਮੰਤਰ ਪਡ਼੍ਹਨ ਦੀ ਵੀਡੀਓ ਤੇ ਮਜੀਠੀਆ ਨਾਲ ਗੱਪਾਂ ਕਾਰਨ ਦੇ ਮੀਮਜ਼ ਵੀ ਖ਼ੂਬ ਟਰੋਲ ਹੋਏ। ਮੀਮਜ਼ ’ਚ ਸਿੱਧੂ ਵੀ ਕਹਿੰਦੇ ਨਜ਼ਰ ਆਉਂਦੇ ਹਨ, ‘ਠੋਕੋ ਤਾਲੀ ਬੋਲਿਆ ਸੀ, ਮੈਨੂੰ ਹੀ ਠੋਕ ਦਿੱਤਾ।’

ਕੈਪਟਨ ਦੀ ਪਾਰਟੀ ਨੇ ਵੀ ਲਿਖਿਆ, ‘ਠੋਕੋ ਤਾਲੀ’

ਨਵਜੋਤ ਸਿੱਧੂ ਦੇ ਕੱਟਡ਼ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਦੇ ਫ਼ੈਸਲੇ ’ਤੇ ਕੁਝ ਨਹੀਂ ਲਿਖਿਆ ਪਰ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਆਫੀਸ਼ੀਅਲ ਟਵਿੱਟਰ ਪੇਜ ’ਤੇ ਸਿਰਫ਼ ਦੋ ਸ਼ਬਦ ਲਿਖੇ ਗਏ ਹਨ, ‘ਠੋਕੋ ਤਾਲੀ’। ਉਨ੍ਹਾਂ ਦੇ ਇਸ ਟਵੀਟ ’ਤੇ ਸਾਬਕਾ ਆਈਏਐੱਸ ਅਧਿਕਾਰੀ ਕੇਬੀਐੱਸ ਸਿੱਧੂ ਨੇ ਲਿਖਿਆ, ‘ਨਾ ਠੋਕੋ ਤਾਲੀ, ਨਾ ਠੋਕੋ ਤਾਲਾ। ਨਿਆਇਕ ਫ਼ੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ।’

Posted By: Tejinder Thind