ਜਲੰਧਰ, ਏਐੱਨਆਈ : ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਾਣਜੇ ਭੁਪਿੰਦਰ ਸਿੰਘ ਹਨੀ (Bhupinder Singh Honey) ਦੀ ਨਿਆਂਇਕ ਹਿਰਾਸਤ 10 ਮਾਰਚ ਤਕ ਵਧਾ ਦਿੱਤੀ ਗਈ ਹੈ। 12 ਜਨਵਰੀ ਨੂੰ ਈਡੀ ਨੇ ਮੁਹਾਲੀ ਵਿੱਚ ਭੁਪਿੰਦਰ ਸਿੰਘ ਹਨੀ ਦੇ ਘਰ ਛਾਪਾ ਮਾਰ ਕੇ ਕਰੀਬ 8 ਕਰੋੜ ਰੁਪਏ ਬਰਾਮਦ ਕੀਤੇ ਸਨ। ਹਨੀ ਦੇ ਦੋਸਤ ਦੇ ਘਰੋਂ ਵੀ ਦੋ ਕਰੋੜ ਰੁਪਏ ਬਰਾਮਦ ਹੋਏ ਹਨ। ਹਨੀ ਨੂੰ ਈਡੀ ਨੇ ਇਸ ਮਾਮਲੇ ਵਿੱਚ 3 ਫਰਵਰੀ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ।

ਦੱਸ ਦੇਈਏ ਕਿ ਹਨੀ 3 ਫਰਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਆਇਆ ਸੀ। ਉਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਹਨੀ ਨੂੰ 4 ਫਰਵਰੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਈਡੀ ਨੇ ਅਦਾਲਤ 'ਚ ਹਨੀ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ। 8 ਫਰਵਰੀ ਨੂੰ ਹਨੀ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਨੀ ਨੂੰ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ 11 ਫਰਵਰੀ ਨੂੰ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਈਡੀ ਦੇ ਛਾਪੇ 'ਚ ਭੁਪਿੰਦਰ ਸਿੰਘ ਹਨੀ ਤੇ ਉਸ ਦੇ ਸਾਥੀਆਂ ਦੇ ਘਰੋਂ ਕਰੋੜਾਂ ਰੁਪਏ ਤੇ ਮਹਿੰਗੀਆਂ ਵਸਤਾਂ ਬਰਾਮਦ ਹੋਈਆਂ। ਈਡੀ ਦੀ ਜਾਂਚ 'ਚ ਇਸ ਦਾ ਸਰੋਤ ਗੈਰ-ਕਾਨੂੰਨੀ ਮਾਈਨਿੰਗ, ਤਬਾਦਲੇ ਤੇ ਨਿਯੁਕਤੀਆਂ ਨੂੰ ਦੱਸਿਆ ਗਿਆ ਸੀ।

Posted By: Seema Anand