ਅਮਰਜੀਤ ਸਿੰਘ ਵੇਹਗਲ, ਜਲੰਧਰ : ਜ਼ਿਲ੍ਹਾ ਪੰਜਾਬ ਦੇ ਜਾਗਰੂਕ ਤੇ ਚੇਤੰਨ ਲੋਕਾਂ ਨੂੰ ਮੋਦੀ ਹਕੂਮਤ ਦੀਆਂ ਫਾਸੀਵਾਦੀ ਤੇ ਫੁੱਟ-ਪਾਊ ਫੈਸਲਿਆਂ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ, ਪੰਥਕ ਜਥੇਬੰਦੀਆਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਭਾਰਤ ਦੇ 70ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਸੰਘ ਪਰਿਵਾਰ ਤੇ ਮੋਦੀ ਹਕੂਮਤ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਜਿਸ ਸਬੰਧੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।

ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਉਪ ਪ੍ਰਧਾਨ ਗੁਰਮੁੱਖ ਸਿੰਘ ਜਲੰਧਰੀ, ਦਲ ਖਾਲਸਾ ਦੇ ਪ੍ਰਧਾਨ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਫੁੱਟ-ਪਾਊ ਕਾਨੂੰਨਾਂ ਤੇ ਸੰਵਿਧਾਨਕ ਧੱਕੇਸ਼ਾਹੀਆਂ ਦੇ ਵਿਰੋਧ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਬੰਦ ਕੇਂਦਰ ਸਰਕਾਰ ਦੀਆਂ ਫਿਰਕੂ ਤੇ ਤਾਨਾਸ਼ਾਹੀ ਫੈਸਲਿਆਂ ਦੇ ਵਿਰੁੱਧ ਪੰਜਾਬ ਦਾ ਫਤਵਾ ਹੋਵੇਗਾ। ਗੁਰਮੁਖ ਸਿੰਘ ਜਲੰਧਰੀ ਨੇ ਕਿਹਾ ਕਿ ਕਸ਼ਮੀਰ ਅੰਦਰ ਧਾਰਾ 370 ਨੂੰ ਰੱਦ ਕਰਨਾ, ਅਦਾਲਤ ਦਾ ਫੈਸਲਾ ਰਾਮ ਮੰਦਿਰ ਦੇ ਹੱਕ ਵਿਚ ਕਰਵਾਉਣਾ, ਹੁਣ ਨਾਗਰਿਕਤਾ ਸੋਧ ਕਾਨੂੰਨ ਬਣਾਉਣਾ ਅਤੇ ਐੱਨਆਰਸੀ ਦਾ ਪ੍ਰਸਤਾਵ ਆਉਣਾ ਸਿੱਧ ਕਰਦਾ ਹੈ ਕਿ ਸੰਘ ਪਰਵਾਰ ਤੇ ਭਾਜਪਾ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।

ਮੀਟਿੰਗ ਵਿਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਦਲ ਖਾਲਸਾ ਤੇ ਮੁਸਲਿਮ ਭਾਈਚਾਰੇ ਦੇ ਆਗੂਆਂ 'ਚ ਸ਼ਾਮਲ ਗੁਰਮੁੱਖ ਸਿੰਘ ਜਲੰਧਰੀ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਰੇਰੂ, ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਡਰੋਲੀ, ਸੁਰਜੀਤ ਸਿੰਘ ਫਿਲੌਰ, ਕੁਲਵੰਤ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ ਰਾਣਾ ਆਦਿ ਨੇ ਕਿਹਾ ਕਿ ਪੰਜਾਬ ਬੰਦ ਸੰਘ ਪਰਿਵਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਕਰਾਰਾ ਜੁਆਬ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁਸਲਮਾਨਾਂ, ਇਸਾਈਆਂ, ਹਿੰਦੂਆਂ, ਦਲਿਤਾਂ ਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ 25 ਜਨਵਰੀ ਨੂੰ ਆਪਣੇ ਵਿਦਿਅਕ ਤੇ ਵਪਾਰਕ ਅਦਾਰਿਆਂ, ਬੈਂਕ, ਪੈਟਰੋਲ ਪੰਪਾਂ ਆਦਿ ਨੂੰ ਬੰਦ ਰੱਖਣ। ਉਨ੍ਹਾਂ ਕਿਹਾ ਕਿ ਹੜਤਾਲ ਸ਼ਾਂਤਮਈ ਰਹੇਗੀ ਤੇ ਰੇਲ ਆਵਾਜਾਈ ਵਿਚ ਰੁਕਾਵਟ ਨਹੀਂ ਪਾਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਸਪਤਾਲ ਤੇ ਦਵਾਈਆਂ ਦੀਆਂ ਦੁਕਾਨਾਂ ਸਮੇਤ ਡਾਕਟਰੀ ਸਹੂਲਤਾਂ ਵਾਲੇ ਅਦਾਰੇ ਤੇ ਐਂਬੂਲੈਂਸ ਬੰਦ ਦੇ ਸੱਦੇ ਤੋਂ ਬਾਹਰ ਹਨ।