ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦਾ ਵਫ਼ਦ ਪ੍ਰਰੋ. ਸੁਖਦੇਵ ਸਿੰਘ ਰੰਧਾਵਾ ਦੀ ਅਗਵਾਈ ਹੇਠ ਉੱਚ ਸਿੱਖਿਆ ਮੰਤਰੀ ਪੰਜਾਬ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੂੰ ਕਾਦੀਆਂ ਵਿਖੇ ਮਿਲਿਆ। ਵਫਦ ਨੇ ਆਪਣੀਆਂ ਅਤੇ ਏਡਿਡ ਕਾਲਜਾਂ ਵਿਚ ਦਰਪੇਸ਼ ਮੁਸ਼ਕਿਲਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।

ਯੂਨੀਅਨ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਦੇ ਬਣਾਏ ਕਲੰਡਰ ਨੂੰ ਇਨ-ਬਿਨ ਲਾਗੂ ਨਹੀਂ ਕੀਤਾ ਜਾ ਰਿਹਾ। ਵਿਦਿਆਰਥੀ ਨਤੀਜਾ ਐਲਾਨ ਹੋਣ ਤੋਂ 14 ਦਿਨ 'ਚ ਦਾਖਲਾ ਲੈ ਸਕਦੇ ਹਨ ਪਰ ਯੂਨੀਵਰਸਿਟੀ 25 ਹਜ਼ਾਰ ਰੁਪਏ ਲੇਟ ਫੀਸ ਵਸੂਲ ਕਰ ਰਹੀ ਹੈ।

ਬੀਏ/ਬੀਐੱਸਸੀ ਦਾ ਨਤੀਜਾ ਅਜੇ ਆਉਣ ਵਾਲਾ ਹੈ ਪਰ ਪੋਸਟ ਗ੍ਰੈਜੂਏਸ਼ਨ ਦਾ ਦਾਖਲਾ 18 ਨਵੰਬਰ ਨੂੰ ਬੰਦ ਕਰ ਦਿੱਤਾ ਹੈ, ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਾਖਲੇ ਦੀ ਤਰੀਕ 10 ਦਸੰਬਰ ਤਕ ਬਿਨਾਂ ਲੇਟ ਫੀਸ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੈ। ਜੀਐੱਨਡੀਯੂ ਇੰਨੀ ਜ਼ਿਆਦਾ ਲੇਟ ਫੀਸ ਪ੍ਰਾਪਤ ਕਰ ਕੇ ਵਿਦਿਆਰਥੀਆਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ।

ਵਫਦ 'ਚ ਪ੍ਰੋ. ਬੀਬੀ ਯਾਦਵ ਏਰੀਆ ਸਕੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਪ੍ਰੋ. ਹਰਭਜਨ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅਤੇ ਪ੍ਰੋ. ਧਿਆਨ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜੇਕਰ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਵੱਲੋਂ ਤਾਨਾਸ਼ਾਹੀ ਫੁਰਮਾਨ ਬੰਦ ਨਾ ਕੀਤੇ ਗਏ ਤਾਂ ਏਡਿਡ ਕਾਲਜਾਂ ਦੀ ਟੀਚਰਜ਼ ਯੂਨੀਅਨ ਅਤੇ ਵਿਦਿਆਰਥੀ ਯੂਨੀਅਨ ਯੂਨੀਵਰਸਿਟੀ ਖ਼ਿਲਾਫ਼ ਧਰਨੇ/ਰੈਲੀਆਂ ਕਰਨ ਲਈ ਮਜਬੂਰ ਹੋਵੇਗੀ।