ਪੰਜਾਬੀ ਜਾਗਰਣ ਟੀਮ, ਜਲੰਧਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਲਈ ਸੰਘਰਸ਼ ਕਰ ਰਹੀਆਂ 31 ਦੇ ਕਰੀਬ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਰੱਖੇ ਗਏ ਚੱਕਾ ਜਾਮ ਰੋਸ ਪ੍ਰਦਰਸ਼ਨ ਤਹਿਤ ਕਿਸਾਨਾਂ ਤੇ ਹੋਰ ਸਹਿਯੋਗੀ ਜੱਥੇਬੰਦੀਆਂ ਨੇ ਜ਼ਿਲ੍ਹੇ ਵਿਚ ਥਾਂ-ਥਾਂ 'ਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮਿਲੀਆਂ ਸੂਚਨਾਵਾਂ ਮੁਤਾਬਕ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਸੜਕਾਂ 'ਤੇ ਧਰਨੇ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਸਵੇਰੇ ਸਬਜ਼ੀ ਮੰਡੀ ਖੁਲ੍ਹੀ ਪਰ ਮੌਕੇ 'ਤੇ ਕਿਸਾਨਾਂ ਨੇ ਜਾ ਕੇ ਮੰਡੀ ਬੰਦ ਕਰਵਾ ਦਿੱਤੀ।

- ਪੀਏਪੀ ਚੌਕ ਵਿਖੇ ਧਰਨੇ 'ਚ ਸ਼ਾਮਲ ਹੋਣ ਆਏ ਸਰਬਜੀਤ ਸਿੰਘ ਮੱਕੜ ਤੇ ਉਸ ਦੇ ਸਾਥੀਆਂ ਨੂੰ ਕੁਝ ਦੇਰ ਬੈਠਣ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਜਬਰਦਸਤੀ ਧਰਨੇ 'ਚ ਉੱਠਣ ਲਈ ਕਿਹਾ ਗਿਆ। ਰੌਲਾ ਰੱਪਾ ਪੈਣ ਤੋਂ ਬਾਅਦ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪੁਲਿਸ ਵੀ ਹਰਕਤ ਵਿਚ ਆ ਗਈ। ਸਰਬਜੀਤ ਸਿੰਘ ਮੱਕੜ ਆਪਣੇ ਸਾਥੀਆਂ ਸਮੇਤ ਰਾਮਾ ਮੰਡੀ ਵਿਖੇ ਧਰਨਾ ਲਾਉਣ ਤੋਂ ਬਾਅਦ ਪੀਏਪੀ ਧਰਨੇ 'ਚ ਸ਼ਾਮਿਲ ਹੋਣ ਆਏ ਸੀ ਜਿਨ੍ਹਾਂ ਨੂੰ ਕੁਝ ਹੀ ਦੇਰ ਬਾਅਦ ਉੱਥੋਂ ਜਾਣਾ ਪਿਆ। ਅਕਾਲੀਆਂ ਖ਼ਿਲਾਫ਼ ਧਰਨੇ 'ਚ ਸ਼ਾਮਲ ਨੌਜਵਾਨਾਂ ਨੇ ਡਟ ਕੇ ਨਾਅਰੇਬਾਜ਼ੀ ਕੀਤੀ।

- ਇਸੇ ਤਰ੍ਹਾਂ ਜਦੋਂ ਬੈਂਕ ਤੇ ਬਾਜ਼ਾਰ ਸਵੇਰ ਤੋਂ ਖੁੱਲ੍ਹਣ ਲੱਗੇ ਤਾਂ ਅਕਾਲੀ ਦਲ ਦੇ ਵਰਕਰਾਂ ਨੇ ਬਾਜ਼ਾਰ ਬੰਦ ਕਰਵਾ ਦਿੱਤੇ। 11.00 ਵਜੇ ਤੋਂ ਬਾਅਦ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ 'ਤੇ ਹਾਈਵੇਅ ਤੇ ਕਿਸਾਨ ਤੇ ਅਕਾਲੀ ਦਲ ਦੇ ਵਰਕਰਾਂ ਨੇ ਥਾਂ-ਥਾਂ ਸਥਾਨਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਦੁਪਹਿਰ 12.00 ਵਜੇ ਤਕ ਬੰਦ ਨੂੰ ਪੂਰਾ ਰੂਪ ਤੋਂ ਸਫਲ ਬਣਾ ਦਿੱਤਾ।

- ਸ਼ਾਹਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕਿਸਾਨਾਂ ਦੀ ਹਮਾਇਤ ਕਰਦਿਆਂ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ 'ਚ ਮੋਗਾ-ਜਲੰਧਰ ਰਾਸ਼ਟਰੀ ਮਾਰਗ 'ਤੇ ਪਿੰਡ ਬਾਜਵਾ ਕਲਾਂ ਵਿਖੇ ਲਗਾਏ ਗਏ ਧਰਨੇ ਦਾ ਦ੍ਰਿਸ਼।

- ਆਦਮਪੁਰ ਵਿਖੇ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਸ਼ਿਰੋਮਣੀ ਅਕਾਲੀ ਦਲ ਵੱਲੋਂ ਰੋਸ਼ ਪ੍ਰਦਰਸ਼ਨ।

- ਲੋਹੀਆਂ ਖਾਸ ਹਰਦੇਵ ਸਿੰਘ ਲਾਡੀ ਵੱਲੋਂ ਰੋਸ ਮਾਰਚ ਦੀਆਂ ਤਸਵੀਰਾਂ ਦੇ ਦ੍ਰਿਸ਼

ਲੋਹੀਆਂ ਖਾਸ ਪੰਜਾਬੀ ਜਾਗਰਣ ਟੀਮ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਤਿੰਨ ਬਿੱਲਾਂ ਖ਼ਿਲਾਫ਼ ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੀ ਦਿੱਤੀ ਹੋਈ ਕਾਲ ਦਾ ਸਮਰਥਨ ਕਰਦਿਆਂ ਟਰੈਕਟਰ ਮੋਟਰਸਾਈਕਲਾਂ 'ਤੇ ਕਾਲੀਆਂ ਝੰਡੀਆਂ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ।

- ਪੰਜਾਬੀ ਗਾਇਕ ਬਲਰਾਜ ਸੋਢੀ ਟਰੈਕਟਰ ਤੇ ਕਿਸਾਨਾਂ ਦੇ ਹੱਕ 'ਚ ਫਿਲੋਰ ਨੂੰ ਜਾਂਦੇ

ਇਹ ਧਰਨੇ ਪੀਏਪੀ ਚੌਕ, ਪਠਾਨਕੋਟ ਚੌਕ, ਵੇਰਕਾ ਮਿਲਕ ਪਲਾਂਟ ਚੌਕ, ਕਿਸ਼ਨਗੜ੍ਹ, ਪ੍ਰਤਾਪਪੁਰਾ, ਸ਼ਾਹਕੋਟ, ਜੰਡਿਆਲਾ ਮੰਜਕੀ, ਕਰਤਾਰਪੁਰ, ਫਿਲੌਰ, ਆਦਮਪੁਰ, ਜਮਸ਼ੇਰ ਖਾਸ, ਭੋਗਪੁਰ ਆਦਿ ਵਿਚ ਲਾਏ ਗਏ ਹਨ। ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਕਿਰਪਾਲ ਸਿੰਘ ਮੂਸਾਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲ ਕਿਸਾਨ ਮਾਰੂ ਹਨ। ਜਿੰਨੀ ਦੇਰ ਤਕ ਸਰਕਾਰ ਇਹ ਵਾਪਸ ਨਹੀਂ ਲੈਂਦੀ, ਓਨੀ ਦੇਰ ਤਕ ਸੰਘਰਸ਼ ਜਾਰੀ ਰਹੇਗਾ। ਇੱਥੇ ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਕਿਸਾਨਾਂ ਦੇ ਚੱਕਾ ਜਾਮ ਪ੍ਰਦਰਸ਼ਨ ਦਾ ਕਾਂਗਰਸ ਤੇ ਹੋਰ ਸਭਾ ਸੁਸਾਇਟੀਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ, ਉੱਥੇ ਹੀ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਖੇਤੀ ਆਰਡੀਨੈਂਸਾਂ ਵਿਰੁੱਧ ਰੋਸ ਧਰਨੇ ਲਾਏ ਗਏ ਹਨ।

- ਨੂਰਮਹਿਲ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ , ਸੜਕਾਂ ਤੇ ਬਾਜ਼ਾਰਾਂ 'ਚ ਛਾਇਆ ਸੰਨਾਟਾ

ਨੂਰਮਹਿਲ ਦੇ ਸਾਰੇ ਹੀ ਬਾਜ਼ਾਰ ਬੰਦ ਹਨ ਆਵਜਾਈ ਵੀ ਪੂਰੀ ਤਰ੍ਹਾਂ ਜਾਮ ਹੈ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੋਂ ਇਲਾਵਾ ਬਹੁਤ ਸਾਰੀਆਂ ਮਜ਼ਦੂਰ ਜੱਥੇਬੰਦੀਆਂ ਵਲੋਂ ਵੀ ਇਸ ਬੰਦ ਦੀ ਪੂਰਨ ਹਮਾਇਤ ਕੀਤੀ ਜਾ ਰਹੀ ਹੈ ਅਤੇ ਨੂਰਮਹਿਲ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਵੱਡੇ ਜੱਥਿਆਂ ਦੇ ਰੂਪ ਵਿਚ ਵੱਡੀਆਂ ਸੜਕਾਂ ਨੂੰ ਰੋਕਣ ਲਈ ਜਾ ਰਹੇ ਹਨ।

Posted By: Amita Verma