ਪੰਜਾਬੀ ਜਾਗਰਣ ਬਿਊਰੋ, ਅੰਮ੍ਰਿਤਸਰ : ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧਨ ਕਮੇਟੀ ਵੱਲੋਂ ਕੱਲ ਭਾਵ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਮੀਟਿੰਗ ਲਈ ਦਿੱਤੇ ਸਮੇਂ ਮਗਰੋਂ ਵਾਪਸ ਲੈ ਲਿਆ ਹੈ।

ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਪੁਲਿਸ ਸ. ਪਰਮਿੰਦਰ ਸਿੰਘ ਭੰਡਾਲ ਅਤੇ ਐਸ ਐਸ ਪੀ ਅੰਮ੍ਰਿਤਸਰ ਸ੍ਰੀ ਸਵੱਪਨ ਸ਼ਰਮਾ ਨਾਲ ਕੀਤੀ ਮੀਟਿੰਗ ਵਿਚ ਵਾਲਮੀਕ ਸਮਾਜ ਦੇ ਆਗੂਆਂ ਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਸ੍ਰੀ ਕੁਮਾਰ ਦਰਸ਼ਨ, ਸ੍ਰੀ ਓ ਪ੍ਰਕਾਸ਼ ਅਨਾਰੀਆ, ਸ੍ਰੀ ਸਸ਼ੀ ਨਾਗ, ਸ੍ਰੀ ਰਵਿੰਦਰ ਹੰਸ ਨੇ ਫੈਸਲਾ ਕੀਤਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਵੱਲੋਂ ਸਮਾਜ ਦੇ ਆਗੂਆਂ ਨੂੰ ਗੱਲਬਾਤ ਲਈ 19 ਅਗਸਤ ਦਾ ਸਮਾਂ ਦੇ ਦਿੱਤਾ ਗਿਆ ਹੈ ਤਾਂ ਪੰਜਾਬ ਬੰਦ ਦਾ ਫੈਸਲਾ ਵਾਪਸ ਲੈ ਲਿਆ ਜਾਵੇ।

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਲੰਮੀ ਚੱਲੀ ਮੀਟਿੰਗ ਵਿਚ ਸਮਾਜ ਦੇ ਆਗੂਆਂ ਨੇ ਸਮਾਜ ਦੀਆਂ ਜ਼ਰੂਰੀ ਮੰਗਾਂ ਬਾਰੇ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਸੂਦਨ ਇਸ ਬਾਬਤ ਮੁੱਖ ਮੰਤਰੀ ਦਫ਼ਤਰ ਨਾਲ ਲਗਾਤਾਰ ਸੰਪਰਕ ਵਿਚ ਰਹੇ। ਇਸ ਤਰਾਂ ਮੁੱਖ ਮੰਤਰੀ ਵੱਲੋਂ 19 ਅਗਸਤ ਨੂੰ ਸਮਾਜ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਾ ਦੇ ਦਿੱਤਾ ਗਿਆ, ਜਿਸ ਨਾਲ ਇਹ ਬੰਦ ਦਾ ਸੱਦਾ ਆਗੂਆਂ ਨੇ ਵਾਪਸ ਲੈ ਲਿਆ।

ਦੱਸਣਯੋਗ ਹੈ ਕਿ ਅੱਜ ਹੀ ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੋਸਟ ਮੈਟ੍ਰਿਕ ਵਜੀਫਾ ਸਕੀਮ ਦੀ ਆੜ ਹੇਠ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕਣ ਵਾਲੇ ਵਿਦਿਅਕ ਅਦਾਰਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁੱਕਮ ਵੀ ਦੇ ਦਿੱਤੇ ਹਨ। ਜਿਸਦਾ ਭਾਈਚਾਰੇ ਦੇ ਆਗੂਆਂ ਨੇ ਸਵਾਗਤ ਕਰਦੇ ਹੋਏ ਇਹ ਬੰਦ ਦਾ ਸੱਦਾ ਵਾਪਸ ਲੈਣ ਦਾ ਮਨ ਬਣਾ ਲਿਆ।

ਜ਼ਿਕਰਯੋਗ ਹੈ ਕਿ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ‘ਆਪ’ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਐੱਸਸੀ/ਬੀਸੀ ਵਰਗ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਧ ’ਚ 12 ਅਗਸਤ ਨੂੰ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਮਾਮਲੇ ਨੂੰ ਲੈ ਕੇ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਵੀ ਹੋਈ ਸੀ। ਪਰ ਉਸ ਮੀਟਿੰਗ ਵਿਚ ਮਸਲੇ ਦਾ ਸਕਾਰਾਤਮਕ ਹੱਲ ਨਹੀਂ ਨਿਕਲਿਆ ਸੀ।

Posted By: Jagjit Singh