ਜਤਿੰਦਰ ਪੰਮੀ, ਜਲੰਧਰ : ਪਿਛਲੇ ਸਾਲ ਦੀ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਏਅਰ ਫੋਰਸ ਨੂੰ 4-3 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਜੇਤੂ ਸ਼ੁਰੂਆਤ ਕੀਤੀ। ਜਲੰਧਰ ਕੈਂਟ ਦੇ ਕਟੋਚ ਐਸਟਰੋ ਟਰਫ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਬੇਹਤਰੀਨ ਹਾਕੀ ਦੀ ਖੇਡ ਦੇਖਣ ਨੂੰ ਮਿਲੀ। ਦੂਜੇ ਮੈਚ ਵਿਚ ਭਾਰਤੀ ਰੇਲਵੇ ਨੇ ਸੀਆਰਪੀਐੱਫ ਨੂੰ 4-2 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ।

ਪੂਲ ਸੀ ਦੇ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਏਅਰ ਫੋਰਸ ਦਿੱਲੀ ਨੂੰ 4-3 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਖੇਡ ਦੇ ਚੌਥੇ ਮਿੰਟ ਵਿਚ ਏਅਰ ਫੋਰਸ ਦੇ ਲਵਦੀਪ ਸਿੰਘ ਨੇ ਪਹਿਲੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ ਦੂਜੇ ਕੁਆਰਟਰ ਦੇ 25ਵੇਂ ਮਿੰਟ ਵਿਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਮੈਦਾਨੀ ਗੋਲ ਕਰ ਕੇ ਸਕੋਰ 2-0 ਕੀਤਾ। ਅੱਧੇ ਸਮੇਂ ਤਕ ਏਅਰ ਫੋਰਸ 2-0 ਨਾਲ ਅੱਗੇ ਸੀ। ਖੇਡ ਦੇ ਤੀਜੇ ਕੁਆਰਟਰ ਦੇ 38ਵੇਂ ਮਿੰਟ ਵਿਚ ਏਅਰ ਫੋਰਸ ਦੇ ਅਜੀਤ ਪੰਡਤ ਨੇ ਮੈਦਾਨੀ ਗੋਲ ਕਰ ਕੇ ਸਕੋਰ 3-0 ਕੀਤਾ। 41ਵੇਂ ਮਿੰਟ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 1-3 ਕੀਤਾ। 46ਵੇਂ ਮਿੰਟ ਵਿਚ ਬੈਂਕ ਦੇ ਅੰਤਰਰਾਸ਼ਟਰੀ ਖਿਡਾਰੀ ਸਤਬੀਰ ਸਿੰਘ ਨੇ ਮੈਦਾਨੀ ਗੋਲ ਕਰ ਕੇ ਸਕੋਰ 2-3 ਕੀਤਾ। ਖੇਡ 56ਵੇਂ ਮਿੰਟ ਵਿਚ ਬੈਂਕ ਦੇ ਰਜਤ ਮਿੰਜ ਨੇ ਮੈਦਾਨੀ ਗੋਲ ਕਰ ਕੇ ਬਰਾਬਰੀ ਕਰ ਕੇ ਸਕੋਰ 3-3 ਕੀਤਾ। ਅਗਲੇ ਹੀ ਮਿੰਟ ਬੈਂਕ ਦੇ ਹਰਮਨਜੀਤ ਸਿੰਘ ਨੇ ਮੈਦਾਨੀ ਗੋਲ ਕਰ ਕੇ ਬੈਂਕ ਨੂੰ 4-3 ਨਾਲ ਅੱਗੇ ਕਰ ਦਿੱਤਾ। ਇਸ ਜਿੱਤ ਨਾਲ ਬੈਂਕ ਨੇ ਤਿੰਨ ਅੰਕ ਹਾਸਲ ਕੀਤੇ।

ਦੂਜਾ ਮੈਚ ਪੂਲ ਡੀ ਵਿਚ ਭਾਰਤੀ ਰੇਲਵੇ ਅਤੇ ਸੀਆਰਪੀਐੱਫ ਦਿੱਲੀ ਦਰਮਿਆਨ ਖੇਡਿਆ ਗਿਆ। ਭਾਰਤੀ ਰੇਲਵੇ ਵੱਲੋਂ 24ਵੇਂ ਮਿੰਟ ਵਿਚ ਪ੍ਰਤਾਪ ਲਾਕੜਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। 33ਵੇਂ ਮਿੰਟ ਵਿਚ ਭਾਰਤੀ ਰੇਲਵੇ ਲਈ ਜੋਗਿੰਦਰ ਸਿੰਘ ਨੇ ਗੋਲ ਕੀਤਾ। ਇਸ ਤੋਂ ਬਾਅਦ 34ਵੇ ਮਿੰਟ ਵਿਚ ਸੀਆਰਪੀਐੱਫ ਦੇ ਜੋਵਜੀਤ ਸਿੰਘ ਨੇ ਗੋਲ ਕਰ ਕੇ ਸਕੋਰ 1-2 ਕੀਤਾ। ਇਸ ਤੋਂ ਬਾਅਦ 37ਵੇਂ ਮਿੰਟ ਵਿਚ ਅਜੇ ਯਾਦਵ ਅਤੇ 39ਵੇਂ ਮਿੰਟ ਵਿਚ ਜੋਗਿੰਦਰ ਸਿੰਘ ਨੇ ਗੋਲ ਕਰ ਕੇ ਰੇਲਵੇ ਨੂੰ 4-1 ਨਾਲ ਅੱਗੇ ਕਰ ਦਿੱਤਾ। ਖੇਡ ਦੇ 57ਵੇਂ ਮਿੰਟ ਵਿਚ ਸੀਆਰਪੀਐੱਫ ਦੇ ਵਸੀਉਲ੍ਹਾ ਖਾਨ ਨੇ ਗੋਲ ਕਰ ਕੇ ਸਕੋਰ 4-2 ਕੀਤਾ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪਰਵੀਨ ਕੁਮਾਰ ਮੋਂਗੀਆਂ ਡਿਪਟੀ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਰਾਜੇਸ਼ ਮਲਹੋਤਰਾ ਜੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਐੱਲਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਉਲੰਪੀਅਨ ਸੰਜੀਵ ਕੁਮਾਰ, ਕੁਲਵਿੰਦਰ ਸਿੰਘ ਥਿਆੜਾ, ਓਲੰਪੀਅਨ ਰਜਿੰਦਰ ਸਿੰਘ, ਦਲਜੀਤ ਸਿੰਘ ਕਸਟਮਜ਼, ਰਿਪੁਦਮਨ ਕੁਮਾਰ ਸਿੰਘ, ਰਾਮ ਸਰਨ, ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਦਾ ਨਕਦ ਇਨਾਮ ਦੇਣ ਵਾਲੇ ਐੱਨਆਰਆਈ ਅਮੋਲਕ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

----------

25 ਅਕਤੂਬਰ ਦੇ ਮੈਚ

ਆਰਮੀ ਇਲੈਵਨ ਦਿੱਲੀ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ : 2 ਵਜੇ

ਪੰਜਾਬ ਨੈਸ਼ਨਲ ਬੈਂਕ ਦਿੱਲੀ ਬਨਾਮ ਇੰਡੀਅਨ ਨੇਵੀ ਮੁੰਬਈ : 3.30 ਵਜੇ