- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਸ ਵਜੋਂ ਬੰਦ ਰੱਖੇ

ਰੋਸ ਵਜੋਂ ਬੰਦ ਰੱਖੇ ਗਏ ਬਾਜ਼ਾਰ, ਰੱਜ ਕੇ ਹੋਏ ਨਾਅਰੇਬਾਜ਼ੀ
---
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ ਛਾਉਣੀ : ਡੇਢ ਮਹੀਨੇ ਤੋਂ ਸਥਾਨਕ ਫੌਜੀ ਅਧਿਕਾਰੀਆਂ (ਐੱਲਐੱਮਓ) ਤੋਂ ਪਰੇਸ਼ਾਨ ਕੈਂਟ ਦੀ ਜਨਤਾ ਦਾ ਗੁੱਸਾ ਆਖਰਕਾਰ ਮੰਗਲਵਾਰ ਇਸ ਕਦਰ ਫੁੱਟਿਆ ਕਿ ਪ੍ਰਸ਼ਾਸਨ ਨੂੰ ਵੀ ਤਪਦੀ ਧੁੱਪ ਤੇ ਗਰਮੀ ’ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਪਈਆਂ। ਯਾਦ ਰਹੇ ਕਿ ਬੀਐੱਸਐੱਫ ਗੇਟ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਲੈ ਕੇ ਹਾਲੇ ਤੱਕ ਫੌਜ ਵੱਲੋਂ ਸਥਾਪਿਤ ਗਏ 8 ਬੈਰੀਅਰਾਂ 'ਤੇ ਆਮ ਨਾਗਰਿਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਨਾਲ ਹੀ, 500 ਗਜ ਦੀ ਦੂਰੀ 'ਤੇ ਵੀ ਫੌਜ ਦੀ ਟੁੱਕੜੀ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਰਾਹਗੀਰਾਂ ਦੀ ਜਾਂਚ ਕਰਨ ’ਚ ਲੱਗੇ ਹੋਏ ਹਨ। ਇਸ ਦੌਰਾਨ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਪਿੱਛੇ ਬੈਠੇ ਮੁੰਡੇ-ਕੁੜੀਆਂ ਤੇ ਬਜ਼ੁਰਗ ਔਰਤਾਂ ਨੂੰ ਵੀ ਹੈਲਮਟ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇ ਕਿਸੇ ਵੀ ਦੋਪਹੀਆ ਵਾਹਨ ਪਿੱਛੇ ਬੈਠੇ ਸਵਾਰੀ ਨੇ ਹੈਲਮੈਟ ਨਹੀਂ ਪਾਇਆ ਤਾਂ ਉਸ ਨੂੰ 500 ਤੋਂ 1000 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਪਰੇਸ਼ਾਨ ਲੋਕਾਂ ਨੇ ਅੱਜ ਫੌਜ ਦੇ ਸਥਾਨਕ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਬਾਜ਼ਾਰਾਂ ਨੂੰ ਬੰਦ ਰੱਖਿਆ। ਇਲਾਕਾ ਵਾਸੀਆਂ ਨੇ ਫੌਜੀ ਅਧਿਕਾਰੀਆਂ ਨੂੰ ਖੁੱਲ੍ਹੇ ਤੌਰ 'ਤੇ ਚਿਤਾਵਨੀ ਦਿੱਤੀ ਕਿ ਜੇ ਉਹ ਮਸਲੇ ਨੂੰ ਹੱਲ ਨਹੀਂ ਕਰਦੇ ਤਾਂ ਉਹ ਅਣਮਿੱਥੇ ਸਮੇਂ ਲਈ ਬਾਜ਼ਾਰ ਨੂੰ ਬੰਦ ਕਰ ਦੇਣਗੇ ਤੇ ਦੁਕਾਨਾਂ ਦੀਆਂ ਚਾਬੀਆਂ ਉਨ੍ਹਾਂ ਦੇ ਦਫਤਰ ’ਚ ਜਮ੍ਹਾਂ ਕਰਵਾ ਦੇਣਗੇ।
ਲੋਕਾਂ ਦਾ ਦਾਅਵਾ ਸੀ ਕਿ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੇ ਪਿੱਛਣ ਬੈਠਣ ਵਾਲਿਆਂ ਨੂੰ ਹੈਲਮੈਟ ਨਾ ਪਾਉਣ 'ਤੇ ਵਾਹਨ ਤੋਂ ਲਾਹਿਆ ਜਾਂਦਾ ਸੀ ਤੇ ਪੈਦਲ ਚੱਲਣ ਲਈ ਮਜਬੂਰ ਕਰਦੇ ਸਨ, ਜਿਸ ’ਚ ਬਜ਼ੁਰਗ ਵੀ ਸ਼ਾਮਲ ਸਨ। ਇਸ ਮੌਕੇ 'ਤੇ ‘ਆਪ’ ਦੀ ਹਲਕਾ ਇੰਚਾਰਜ ਰਾਜਿੰਦਰ ਕੌਰ ਥਿਆੜਾ ਨੇ ਜਨਤਾ ਦੇ ਹਿੱਤਾਂ ਲਈ ਸਖ਼ਤ ਰੁਖ ਅਪਣਾਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਰੜੇ ਹੱਥ ਲਿਆ ਤੇ ਡੀਸੀ ਨਾਲ ਫੋਨ 'ਤੇ ਗੱਲ ਕਰਦਿਆਂ ਉਨ੍ਹਾਂ ਨੂੰ ਪ੍ਰਦਰਸ਼ਨ 'ਚ ਆਉਣ ਲਈ ਕਿਹਾ। ਉਨ੍ਹਾਂ ਵੱਲੋਂ ਪੁੱਜੀ ਐੱਸਡੀਐੱਮ ਸ਼ੁਭੀ ਆਂਗਰਾ ਨੇ ਪ੍ਰਦਰਸ਼ਨਕਾਰੀਆਂ ਦੀਆਂ ਗੱਲਾਂ ਸੁਣਦਿਆਂ ਕੈਂਟ ਬੋਰਡ ਦੇ ਸੀਈਓ ਓਮਪਾਲ ਸਿੰਘ, ਬ੍ਰਿਗੇਡੀਅਰ ਕਪਿਲ ਸੂਦ ਤੇ ਹੋਰ ਫੌਜੀ ਅਧਿਕਾਰੀਆਂ ਨਾਲ ਗੱਲ ਕੀਤੀ। ਸ਼ਾਮ ਨੂੰ ਸਾਰੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ 10 ਡੈਲੀਗੇਟ ਸੱਦ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਫੌਜ ਦੇ ਅਧਿਕਾਰੀਆਂ ਨੇ ਆਪਣਾ ਪੱਖ ਰੱਖਿਆ। ਮੌਕੇ 'ਤੇ ਪੁੱਜੇ ਬ੍ਰਿਗੇਡੀਅਰ ਕਪਿਲ ਸੂਦ ਨੇ ਕਿਹਾ ਕਿ ਫੌਜ ਹੁਣ ਸਥਾਪਿਤ ਨਾਕਿਆਂ 'ਤੇ ਹੀ ਆਉਣ ਵਾਲਿਆਂ ਦੀ ਜਾਂਚ ਕਰੇਗੀ ਤੇ ਰਸਤੇ ’ਚ ਸਾਰੇ ਨਾਕੇ ਕਿਊਆਰਟੀ ਦੇ ਜਵਾਨ ਤੇ ਪੁਲਿਸ ਨੂੰ ਹਟਾ ਲੈਣਗੇ। ਉਹ ਉਨ੍ਹਾਂ ਔਰਤਾਂ ਨੂੰ ਹੈਲਮੈਟ ਪਾਉਣ 'ਤੇ ਛੋਟ ਦੇਣਗੇ ਜੋ ਦੋਪਹੀਆ ਵਾਹਨ ਚਲਾਉਣ ਵਾਲਿਆਂ ਪਿੱਛੇ ਬੈਠੀਆਂ ਹੋਣਗੀਆਂ ਤੇ ਉਹ ਸਜ਼ਾ ਦੇ ਤੌਰ 'ਤੇ ਬਜ਼ੁਰਗਾਂ ਨੂੰ ਪੈਦਲ ਨਹੀਂ ਚੱਲਣ ਦੇਣਗੇ। ਇਸ ਮੌਕੇ 'ਤੇ ਐੱਸਡੀਐੱਮ ਨੇ ਵੀ ਫੌਜੀ ਪ੍ਰਸ਼ਾਸਨ ਤੋਂ ਸਿਵਲ ਨਾਗਰਿਕਾਂ ਦੇ ਪ੍ਰਤੀ ਸਖਤ ਰੁਖ ਨਾ ਅਪਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਭਾਜਪਾ ਦੇ ਆਗੂ ਜਗਬੀਰ ਸਿੰਘ ਬਰਾੜ, ਭਾਜਪਾ ਦੇ ਆਗੂ ਸਰਬਜੀਤ ਸਿੰਘ ਮੱਕੜ, ਸਿਵਲ ਮੈਂਬਰ ਪੁਨੀਤ ਸ਼ੁਕਲਾ, ਕੁਮਾਰ ਸੰਜੀਵ, ਸਮਾਜ ਸੇਵਕ ਧੀਰ ਸਵਿੰਦਰ ਸਿੰਘ, ਵੀਰੂ, ਰਾਮ ਅਵਤਾਰ ਅਗਰਵਾਲ, ਰਾਮ ਸਹਿਦੇਵ, ਪ੍ਰਿੰਸੀਪਲ ਸੁਭਾਸ਼ ਅਰੋੜਾ, ਓਮ ਪ੍ਰਕਾਸ਼ ਸਿੰਘ, ਉਮਾ, ਗੌਰਵ ਗੁਪਤਾ, ਸੰਜੀਵ ਗਰਗ, ਵਿਕਾਸ ਜੈਨ, ਰਾਜਿੰਦਰ ਬੰਸਲ, ਕਨਿਸ਼ਕ ਅਗਰਵਾਲ, ਬੰਸਲ ਡੇਰੀ, ਐੱਮਕੇ ਕਨੌਜੀਆ, ਅਜੈ ਕੁਮਾਰ ਤੇ ਵਿਸ਼ਾਲ ਆਦਿ ਮੌਜੂਦ ਸਨ।