ਮਹਿੰਦਰ ਰਾਮ ਫੁਗਲਾਣਾ, ਜਲੰਧਰ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲਾਇਲਪੁਰ ਖਾਲਸਾ ਕਾਲਜ ਵਿਖੇ ਰੋਸ ਪਰਦਰਸ਼ਨ ਕਰ ਕੇ ਭਾਜਪਾ ਸਰਕਾਰ ਵੱਲੋਂ ਪੰਜਾਬ 'ਤੇ ਥੋਪੀ ਜਾ ਰਹੀ ਅਣ-ਐਲਾਨੀ ਐਮਰਜੈਂਸੀ (ਫੌਜ ਦਾ ਕੰਟਰੋਲ) ਦਾ ਡਟਵਾਂ ਵਿਰੋਧ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ, ਜ਼ਿਲ੍ਹਾ ਸਕੱਤਰ ਰਮਨਦੀਪ ਕੌਰ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਪੰਜਾਬ ਵਿਚ ਬੀਐੱਸਐੱਫ ਦਾ 50 ਕਿਲੋਮੀਟਰ ਤਕ ਘੇਰਾ ਵਧਾ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਭਾਜਪਾ ਸਰਕਾਰ ਦਾ ਮੁੱਖ ਏਜੰਡਾ ਅਖੰਡ ਭਾਰਤ ਨੂੰ ਹਿੰਦੂ ਰਾਸ਼ਟਰ 'ਚ ਤਬਦੀਲ ਕਰਨ ਦਾ ਹੈ ਜੋ ਰਾਸ਼ਟਰ ਨੂੰ ਤੋੜਨ ਦਾ ਏਜੰਡਾ ਹੈ। ਇਸ ਏਜੰਡੇ ਤਹਿਤ ਕਾਲੇ ਕਾਨੂੰਨ ਪਾਸ ਕਰ ਕੇ ਦੇਸ਼ ਦੇ ਲੋਕਾਂ 'ਤੇ ਥੋਪੇ ਜਾ ਰਹੇ ਹਨ। ਪੁਲਿਸ ਤੇ ਫੌਜ ਦਾ ਕੰਟਰੋਲ ਵਧਾ ਕੇ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਪੀਐੱਸਯੂ ਸਖ਼ਤ ਸ਼ਬਦਾਂ 'ਚ ਵਿਰੋਧ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਆਗੂ ਸੋਨੀਆ, ਮਨੀਸ਼ ਨੇ ਕਿਹਾ ਕਿ ਭਾਜਪਾ ਪੰਜਾਬ 'ਚੋਂ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਤਰਲੋ-ਮੱਛੀ ਹੋਈ ਪਈ ਹੈ। ਆਪਣੇ ਫਾਸ਼ੀਵਾਦੀ ਕਿਰਦਾਰ ਨੁੂੰ ਲੋਕਾਂ 'ਤੇ ਦਹਿਸ਼ਤ ਵਾਲਾ ਮਾਹੌਲ ਬਣਾ ਕੇ ਸਪੱਸ਼ਟ ਰੂਪ ਵਿਚ ਪ੍ਰਗਟ ਕਰ ਰਹੀ ਹੈ। ਇਸ ਮੌਕੇ ਕਿਰਨ, ਅਮਨ, ਸਿਮਰਨ ਤੇ ਹੋਰ ਹਾਜ਼ਰ ਸਨ।