ਜਲੰਧਰ : ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾਈ ਡੈਲੀਗੇਟ ਇਜਲਾਸ ਸਿੱਖਿਆ ਦੇ ਨਿੱਜੀਕਰਨ, ਉੱਚ ਵਿੱਦਿਅਕ ਅਦਾਰਿਆਂ ਨੂੰ ਬਚਾਉਣ, ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ, ਮਜ਼ਦੂਰਾਂ/ਕਿਸਾਨਾਂ/ਕੱਚੇ ਮੁਲਾਜ਼ਮਾਂ ਦੇ ਬੱਚਿਆਂ ਲਈ ਵਿੱਦਿਆ ਬਚਾਉਣ, ਵਿਦਿਆਰਥੀਆਂ ਦੀ ਰਾਜਨੀਤਕ, ਆਰਥਕ ਤੇ ਸੱਭਿਆਚਾਰਕ ਮੁਕਤੀ ਲਈ ਸੰਘਰਸ਼ ਕਰਨ ਦਾ ਹੋਕਾ ਦਿੰਦਾ ਸੰਪੰਨ ਹੋਇਆ।

ਇਸ ਮੌਕੇ 11 ਮੈਂਬਰੀ ਸੂਬਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਡੈਲੀਗੇਟਾਂ ਨੇ ਸਹਿਮਤੀ ਦੇ ਕੇ ਪਾਸ ਕੀਤਾ। ਇਸ ਮਗਰੋਂ ਪੀਐੱਸਯੂ ਦੇ ਸੂਬਾ ਪ੍ਧਾਨ ਰਣਵੀਰ ਰੰਧਾਵਾ, ਸੀਨੀਅਰ ਮੀਤ ਪ੍ਧਾਨ ਹਰਦੀਪ ਕੌਰ ਕੋਟਲਾ, ਮੀਤ ਪ੍ਧਾਨ ਅਮਨਦੀਪ ਸਿੰਘ, ਜਨਰਲ ਸਕੱਤਰ ਗਗਨ ਸੰਗਰਾਮੀ, ਪ੍ੈੱਸ ਸਕੱਤਰ ਮੰਗਲਜੀਤ ਪੰਡੋਰੀ, ਵਿੱਤ ਸਕੱਤਰ ਬਲਜੀਤ ਧਰਮਕੋਟ, ਅਮਰ ਕ੍ਰਾਂਤੀ, ਕੁਲਵਿੰਦਰ ਸੇਖਾ, ਗੁਰਸੇਵਕ ਸਿੰਘ, ਸੰਗੀਤਾ ਰਾਣੀ ਸੂਬਾ ਕਮੇਟੀ ਮੈਂਬਰ ਤੇ ਮੋਹਨ ਸਿੰਘ ਅੌਲਖ ਨੂੰ ਇਨਵਾਇਟੀ ਮੈਂਬਰ ਚੁਣਿਆ ਗਿਆ। 'ਵਿਦਿਆਰਥੀ ਸੰਘਰਸ਼' ਮੈਗਜ਼ੀਨ ਲਈ 4 ਮੈਂਬਰੀ ਸੰਪਾਦਕੀ ਬੋਰਡ ਚੁਣਿਆ ਗਿਆ।

ਇਸ ਦੌਰਾਨ ਸੂਬਾ ਪ੍ਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਤੇ ਪ੍ਦੀਪ ਕਸਬਾ ਨੂੰ ਵਿਦਾਇਗੀ ਦਿੱਤੀ ਗਈ। ਵਿਦਾਇਗੀ ਭਾਸ਼ਣ ਵਜੋਂ ਬੋਲਦਿਆਂ ਸਾਥੀਆਂ ਨੇ ਕਿਹਾ ਕਿ ਯੂਨੀਅਨ ਨੇ ਸਾਨੂੰ ਹਰ ਜਬਰ ਖ਼ਿਲਾਫ਼ ਉੱਠ ਖੜਨ ਦਾ ਬਲ ਬਖਸ਼ਿਆ ਹੈ। ਸਮੱਸਿਆਵਾਂ ਨੂੰ ਸਮਝਣ, ਉਸ ਦੇ ਅਸਲ ਕਾਰਨਾਂ ਨੂੰ ਪਛਾਨਣ ਮਗਰੋਂ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ ਸੂਬਾ ਕਮੇਟੀ ਨੇ ਕੱਲ ਅਧਿਆਪਕਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ।

ਉਨ੍ਹਾਂ ਸਿੱਖਿਆ ਦੇ ਭਗਵੇਂਕਰਨ ਤੇ ਨਿੱਜੀਕਰਨ ਖ਼ਿਲਾਫ਼ 18 ਫਰਵਰੀ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋ ਰਹੇ ਰੋਸ ਮੁਜ਼ਾਹਰੇ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।