ਜਲੰਧਰ : ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦਾ ਸੂਬਾਈ ਡੈਲੀਗੇਟ ਇਜਲਾਸ ਦੂਜੇ ਦਿਨ ਜਾਰੀ ਰਿਹਾ। ਦੇਸ਼ ਭਗਤ ਯਾਦਗਾਰ ਹਾਲ ਵਿਚ ਬਣਾਏ ਸ਼ਹੀਦ ਜਰਨੈਲ ਸਿੰਘ ਜੈਲੀ ਨਗਰ ਵਿਚ ਸਭ ਤੋਂ ਪਹਿਲਾਂ ਸੂਬਾਈ ਕਮੇਟੀ ਨੂੰ ਭੰਗ ਕਰ ਕੇ ਸਟੇਅਰਿੰਗ ਕਮੇਟੀ ਚੁਣੀ ਗਈ ਜਿਸ ਦੀ ਅਗਵਾਈ ਹੇਠ ਇਜਲਾਸ ਦੀ ਸ਼ੁਰੂਆਤ ਹੋਈ।

ਇਸ ਮੌਕੇ ਸੂਬਾ ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਨੇ ਲੰਘੇ 3 ਸਾਲਾਂ ਦੀਆਂ ਪ੍ਰਾਪਤੀਆਂ ਅਤੇ ਕਮੀਆਂ ਦੀ ਰੀਵਿਊ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਰਾਜਨੀਤਕ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਉੱਪਰ ਸੰਘਰਸ਼ ਲੜੇ ਗਏ। ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਚੇਅਰ ਸਥਾਪਤ ਕਰਨ ਦਾ ਮਾਮਲਾ ਸੀ, ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੈ ਦੀ ਮੰਗ ਨੂੰ ਲੈ ਕੇ ਜਲੰਧਰ ਕਨਵੈਨਸ਼ਨ ਕੀਤੀ ਗਈ।

ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਦੇ ਬੱਚਿਆਂ ਦੀ ਮੁਫਤ ਸਿੱਖਿਆ ਨੂੰ ਲੈ ਕੇ ਪੂਰੇ ਪੰਜਾਬ ਵਿਚ ਸੰਘਰਸ਼ ਲੜੇ ਗਏ। ਹੁਣ ਜਦੋਂ ਸੂਬੇ ਦੀ ਜਵਾਨੀ ਨਸ਼ਿਆਂ ਤੇ ਲੱਚਰ ਗਾਇਕੀ 'ਚ ਧਸ ਚੁੱਕੀ ਹੈ, ਉਸ ਸਮੇਂ ਯੂਨੀਅਨ ਵੱਲੋਂ ਵੱਖ-ਵੱਖ ਕਾਲਜਾਂ 'ਚ ਇਸ ਵਿਸ਼ੇ 'ਤੇ ਵਿਚਾਰ-ਚਰਚਾ ਕੀਤੀ ਗਈ। ਵਿਚਾਰ-ਚਰਚਾ ਕਰਨ ਮਗਰੋਂ ਵੱਖ-ਵੱਖ ਜ਼ਿਲ੍ਹੇ, ਜਿਨ੍ਹਾਂ 'ਚ ਯੂਨੀਅਨ ਦੇ ਵਿਸਥਾਰ ਦੀ ਜ਼ਰੂਰਤ ਹੈ। ਇਸ ਦੇ ਨਾਲ ਨਾਲ ਯੂਨੀਵਰਸਿਟੀਆਂ ਵਿਚ, ਯੂਨੀਅਨ ਦੇ ਕੰਮਾਂ ਦਾ ਵਿਸਥਾਰ ਕਰਨ ਦੀਆਂ ਸੋਧਾਂ ਤੋਂ ਬਾਅਦ ਰੀਵਿਊ ਰਿਪੋਰਟ ਨੂੰ ਹਾਜ਼ਰ ਡੈਲੀਗੇਟਾਂ ਵੱਲੋਂ ਪਾਸ ਕੀਤਾ ਗਿਆ। ਇਸ ਦੌਰਾਨ ਹਾਜ਼ਰ ਡੈਲੀਗੇਟ ਵਿਦਿਆਰਥਣਾਂ ਨੇ ਸਮਾਜ ਲਈ ਜੂਝਣ ਵਾਲੀਆਂ ਅੌਰਤਾਂ ਦੇ ਦਿਨ ਨੂੰ ਮਨਾਉਣ ਤੇ ਪਿੱਤਰੀ ਸੱਤਾ ਖ਼ਿਲਾਫ਼ ਲੜਨ ਦੀ ਸੋਧ ਪਾਸ ਕੀਤੀ ਗਈ।