ਅਕਸ਼ੇਦੀਪ ਸ਼ਰਮਾ, ਆਦਮਪੁਰ : ਸਥਾਨਕ ਪੰਚਾਇਤ ਸੰਮਤੀ ਦਫਤਰ ਵਿਖੇ ਪੰਚਾਇਤ ਸੰਮਤੀ ਕਰਮਚਾਰੀ ਤੇ ਪੰਚਾਇਤ ਸਕੱਤਰ ਬਲਾਕ ਆਦਮਪੁਰ ਵੱਲੋਂ ਪੰਚਾਇਤ ਸੰਮਤੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਪਿਛਲੇ ਚਾਰ, ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਕਲਮਛੋੜ ਹੜਤਾਲ ਕਰ ਕੇ ਧਰਨਾ ਲਾਇਆ ਗਿਆ। ਧਰਨੇ ਦੌਰਾਨ ਬਲਾਕ ਆਦਮਪੁਰ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸੰਦੀਪ ਕੁਮਾਰ ਪੰਚਾਇਤ ਸਕੱਤਰ ਨੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦਿਆਂ ਕਿਹਾ ਕਿ ਅੱਤ ਦੀ ਮਹਿੰਗਾਈ ਵਿਚ ਉਨ੍ਹਾਂ ਨੂੰ ਪਿਛਲੇ ਚਾਰ, ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਮਾਲੀ ਹਾਲਤ ਬਹੁਤ ਮਾੜੀ ਹੋ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਘਰ ਚਲਾਉਣੇ ਅੌਖੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਕੋਲੋਂ ਹੋਰ ਡਿਊਟੀਆਂ ਵੀ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਉਹ ਵਿਰੋਧ ਕਰਦੇ ਹਨ। ਇਸ ਮੌਕੇ ਪੰਚਾਇਤ ਜ਼ਿਲ੍ਹਾ ਵਾਈਸ ਪ੍ਰਧਾਨ ਸੰਦੀਪ ਕੁਮਾਰ ਪੰਚਾਇਤ ਸਕੱਤਰ, ਵਿਜੈ ਕੁਮਾਰ ਜ਼ਿਲ੍ਹਾ ਪ੍ਰਰੈੱਸ ਸਕੱਤਰ, ਭੁਪਿੰਦਰ ਕੁਮਾਰ ਪੰਚਾਇਤ ਸਕੱਤਰ, ਜੈ ਕੁਮਾਰ ਪੰਚਾਇਤ ਸਕੱਤਰ, ਜਗਜੀਤ ਸਿੰਘ ਪੰਚਾਇਤ ਅਫਸਰ ਅਤੇ ਸਮੂਹ ਸੰਮਤੀ ਮੁਲਾਜ਼ਮ ਹਾਜ਼ਰ ਸਨ।