ਜ.ਸ., ਜਲੰਧਰ : ਸਿਵਲ ਸਰਜਨ ਦਫ਼ਤਰ 'ਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਿਛਲੇ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਦੋ ਘੰਟੇ ਤਕ ਦਾ ਕੰਮਕਾਜ ਠੱਪ ਕਰ ਕੇ ਰੋਸ ਮੁਜ਼ਾਹਰਾ ਕੀਤਾ। ਸਿਵਲ ਸਰਜਨ ਦਫਤਰ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਿਹਤ ਕਰਮਚਾਰੀਆਂ ਨੇ ਤਨਖਾਹ ਮਿਲਣ ਤਕ ਧਰਨਾ ਮੁਜ਼ਾਹਰਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਵੀ ਸਿਵਲ ਸਰਜਨ ਦਫਤਰ 'ਚ ਦਰਜਾ ਚਾਰ ਕਰਮਚਾਰੀਆਂ ਤੇ ਡਰਾਈਵਰਾਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਦਫ਼ਤਰ 'ਚ ਤਾਇਨਾਤ ਅਧਿਕਾਰੀਆਂ ਨੇ ਕੰਮਕਾਜ ਠੱਪ ਕਰ ਕੇ ਉਨ੍ਹਾਂ ਦੀ ਹਮਾਇਤ ਕੀਤੀ। ਉਥੇ ਤਨਖਾਹ ਨੂੰ ਲੈ ਕੇ ਮਾਮਲਾ ਸੀਐੱਮ ਹਾਊਸ ਪਹੁੰਚ ਗਿਆ ਹੈ। ਯੂਨੀਅਨ ਦੇ ਪ੍ਰਧਾਨ ਸੁਭਾਸ਼ ਮੱਟੂ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲਾ ਇਲਾਕਾ ਵਿਧਾਇਕ ਰਮਨ ਅਰੋੜਾ ਕੋਲ ਪਹੁੰਚਣ ਦੇ ਬਾਵਜੂਦ ਨਤੀਜਾ ਕੋਈ ਨਹੀਂ ਨਿਕਲਿਆ। ਸਿਹਤ ਵਿਭਾਗ ਨੂੰ ਵੀ ਰਿਕਵਰੀ ਵਾਲੇ ਮਾਮਲੇ 'ਚ ਸੂਚੀ ਸੌਂਪੀ ਜਾ ਚੁੱਕੀ ਹੈ। ਉਥੇ ਕਰਮਚਾਰੀਆਂ ਨੇ ਸਿਹਤ ਵਿਭਾਗ 'ਤੇ ਮਾਮਲੇ 'ਚ ਸ਼ਾਮਲ ਅਧਿਕਾਰੀ ਨੂੰ ਬਚਾਉਣ ਦੇ ਦੋਸ਼ ਲਾਏ ਹਨ। ਨਕੋਦਰ 'ਚ ਰਹਿਣ ਵਾਲੇ ਇਕ ਡਾਕਟਰ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਰੀਬ 86 ਲੱਖ ਰੁਪਏ ਦੀ ਅਦਾਇਗੀ ਤੋਂ ਬਾਅਦ ਸਿਹਤ ਵਿਭਾਗ ਨੇ ਮੁਲਾਜ਼ਮਾਂ ਦੀ ਤਨਖਾਹ 'ਤੇ ਰੋਕ ਲਾਈ, ਜਿਸ ਤੋਂ ਬਾਅਦ ਕਰਮਚਾਰੀ ਰੋਸ ਮੁਜ਼ਾਹਰਾ ਕਰ ਰਹੇ ਹਨ। ਨਕੋਦਰ 'ਚ ਰਹਿਣ ਵਾਲੇ ਡਾਕਟਰ ਨੇ ਸਿਹਤ ਵਿਭਾਗ ਵੱਲੋਂ ਡਿਊਟੀ 'ਤੇ ਗ਼ੈਰ ਹਾਜ਼ਰ ਰਹਿਣ ਦੇ ਮਾਮਲੇ 'ਚ ਕੇਸ ਜਿੱਤਣ ਤੋਂ ਬਾਅਦ ਕਰੀਬ ਦੋ ਸਾਲ ਪਹਿਲਾਂ ਪੈਸਿਆਂ ਦੀ ਅਦਾਇਗੀ ਦਾ ਕੇਸ ਵੀ ਜਿੱਤਿਆ ਸੀ। ਇਸ ਮਾਮਲੇ 'ਚ ਅਦਾਲਤ ਨੇ ਸਿਵਲ ਸਰਜਨ ਦਫ਼ਤਰ ਦੀ ਨੀਲਾਮੀ ਦੇ ਹੁਕਮ ਜਾਰੀ ਕੀਤੇ ਸਨ। ਮਾਮਲੇ ਨੂੰ ਗੰਭੀਰਤਾ ਤੋਂ ਲੈ ਕੇ ਉਕਤ ਡਾਕਟਰ ਨੂੰ ਕਰੀਬ 86 ਲੱਖ ਰੁਪਏ ਦੀ ਅਦਾਇਗੀ ਕਰਨ ਤੋਂ ਬਾਅਦ ਵਿਭਾਗ ਦੇ ਸਕੱਤਰ ਨੇ ਉਕਤ 'ਚ ਵਿਭਾਗ ਵੱਲੋਂ ਪੈਰਵੀ ਕਰਨ 'ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਸਟਾਫ ਦੇ ਮੈਂਬਰਾਂ ਦੇ ਨਾਂਅ ਮੰਗੇ ਸਨ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਤਨਖਾਹ ਨਾ ਜਾਰੀ ਹੋਣ ਦੇ ਮਾਮਲੇ ਨੂੰ ਲੈ ਕੇ ਹਾਲਾਤ ਕਾਫੀ ਗੰਭੀਰ ਹੋ ਗਈ ਹੈ। ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਪਹੁੰਚ ਗਿਆ ਹੈ। ਤਨਖਾਹ ਜਾਰੀ ਕਰਵਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਰਮਨ ਗੁਪਤਾ, ਡਿੰਪਲ, ਸੁਰਿੰਦਰ ਕੁਮਾਰ, ਗੁਰਜੀਤ ਸਿੰਘ, ਲੱਕੀ ਰਮੇਸ਼ ਸੋਢੀ, ਅਨਿਲ ਕੁਮਾਰ, ਰਾਜਰਾਨੀ, ਕੁਲਵਿੰਦਰ ਕੌਰ, ਵਿਨੋਦ ਕੁਮਾਰ, ਰਾਜ ਕੁਮਾਰ ਤੇ ਪਵਨ ਕੁਮਾਰ ਤੋਂ ਇਲਾਵਾ ਯੂਨੀਅਨ ਦੇ ਮੈਂਬਰ ਤੇ ਅਹੁਦੇਦਾਰ ਮੌਜੂਦ ਸਨ।