ਵਿਨੋਦ ਬੱਤਰਾ, ਬਿਲਗਾ : ਪਿੰਡ ਤਲਵਣ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਤਲਵਣ ਤੋਂ ਢੰਗਾਰਾ ਜਾਣ ਵਾਲੀ ਅਤੇ ਤਲਵਣ ਟੀ ਪੁਆਇੰਟ ਤੋਂ ਮਹਿਤਪੁਰ ਟੀ ਪੁਆਇੰਟ ਤਕ ਜਾਣ ਵਾਲੀ ਸੜਕ ਲੰਬੇ ਅਰਸੇ ਤੋਂ ਟੁੱਟੀ ਪਈ ਹੈ, ਜੋ ਕਿ ਕਈ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ, ਜਿਸ ਪਾਸੇ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਪਿੰਡ ਢੰਗਾਰਾ ਦੀ ਰੇਤੇ ਦੀ ਖੱਡ ਚੱਲਣ ਕਾਰਨ ਤਾਂ ਤਲਵਣ ਢੰਗਾਰਾ ਰੋਡ ਦੀ ਹਾਲਤ ਬਦ ਤੋਂ ਵੀ ਬਦਤਰ ਹੋ ਗਈ ਹੈ। ਧਰਨਾਕਾਰੀਆਂ ਨੇ ਨਾਇਬ ਤਹਿਸੀਲਦਾਰ ਨੂਰਮਹਿਲ ਧਰਮਿੰਦਰ ਕੁਮਾਰ ਨੂੰ ਮੰਗ-ਪੱਤਰ ਦਿੱਤਾ ਕਿ ਤਲਵਣ ਢੰਗਾਰਾ ਰੋਡ 'ਤੇ ਓਵਰਲੋਡ ਟਿੱਪਰ ਅਤੇ ਟਰਾਲੀਆਂ ਦੀ ਆਵਾਜਾਈ ਬੰਦ ਕੀਤੀ ਜਾਵੇ, ਪਿੰਡ ਤਲਵਣ ਟੀ ਪੁਆਇੰਟ ਤੋਂ ਲੈ ਕੇ ਮਹਿਤਪੁਰ ਟੀ ਪੁਆਇੰਟ ਅਤੇ ਪਿੰਡ ਤਲਵਣ ਤੋਂ ਪਿੰਡ ਢੰੰਗਾਰਾ ਜਾਣ ਵਾਲੀ ਲੰਮੇਂ ਸਮੇਂ ਤੋਂ ਟੁੱਟੀ ਹੋਈ ਸੜਕ ਬਣਾਈ ਜਾਵੇ, ਬੱਚਿਆਂ ਦੇ ਸਕੂਲ ਜਾਣ ਸਮੇਂ ਅਤੇ ਛੁੱਟੀ ਦੇ ਸਮੇਂ ਟਿੱਪਰਾਂ ਦੀ ਆਵਾਜਾਈ ਬੰਦ ਕੀਤੀ ਜਾਵੇ, ਲੁਧਿਆਣਾ ਬੁੱਢੇ ਨਾਲੇ ਦਾ ਪਾਣੀ ਦਰਿਆ ਵਿਚ ਪਾਉਣਾ ਬੰਦ ਕੀਤਾ ਜਾਵੇ। ਇਸ ਮੌਕੇ ਅਮਰੀਕ ਸਿੰਘ ਭਾਗਸਿੰਘ ਪੁਰਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਾਦੀਆਂ, ਜ਼ਿਲ੍ਹਾ ਮੀਤ ਪ੍ਰਧਾਨ ਗੁਰਚੇਤਨ ਸਿੰਘ ਤੱਖਰ, ਜਸਵੰਤ ਸਿੰਘ ਕਾਹਲੋਂ ਬਲਾਕ ਪ੍ਰਧਾਨ ਨੂਰਮਹਿਲ, ਬਲਵਿੰਦਰ ਸਿੰਘ ਹੁੰਦਲ ਸਰਪੰਚ ਤਲਵਣ, ਕਾਮਰੇਡ ਕੁਲਜਿੰਦਰ ਸਿੰਘ ਤਲਵਣ, ਕਾਮਰੇਡ ਸੰਤੋਖ ਸਿੰਘ ਬਿਲਗਾ, ਤੇਜਿੰਦਰ ਸਿੰਘ ਬਾਈ ਅਤੇ ਇਲਾਕੇ ਦੇ ਪਤਵੰਤੇ ਸੱਜਣ ਹੋਰ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ।