ਰਾਜ ਕੁਮਾਰ ਨੰਗਲ, ਫਿਲੌਰ : ਟਰੱਕ ਯੂਨੀਅਨ ਫਿਲੌਰ ਵੱਲੋਂ ਸ਼ਨਿਚਰਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ 'ਤੇ ਧਰਨਾ ਲਾਇਆ ਗਿਆ ਤੇ ਸਾਰੀਆਂ ਗੱਡੀਆਂ ਨੂੰ ਬਿਨਾਂ ਟੋਲ ਤੋਂ ਕੱਢ ਦਿੱਤਾ ਗਿਆ। ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਲਸਾੜਾ ਨੇ ਦੱਸਿਆ ਕਿ ਯੂਨੀਅਨ ਦੇ ਟਰੱਕ ਰੋਜ਼ਾਨਾ ਫਿਲੌਰ ਤੋਂ ਲਾਡੋਵਾਲ ਟਰੱਕਾਂ ਵਿਚ ਐਫ.ਸੀ.ਆਈ. ਦਾ ਮਾਲ ਲੋਡ ਕਰਨ ਜਾਂਦੇ ਹਨ। ਆਉਣ ਜਾਣ ਦਾ ਕਿਰਾਇਆ ਕਰੀਬ 2000 ਹੁੰਦਾ ਹੈ ਪਰ ਉਕਤ ਪਲਾਜ਼ਾ ਦੇ ਕਰਿੰਦਿਆਂ ਵੱਲੋਂ 1800 ਦੇ ਕਰੀਬ ਇਕ ਪਾਸੇ ਦੀ ਪਰਚੀ ਲਾਈ ਜਾਦੀ ਹੈ। ਟਰੱਕ ਚਾਲਕਾਂ ਨੂੰ ਸਿਰਫ 200 ਰੁਪਏ ਹੀ ਬਚਦੇ ਹਨ ਅਜਿਹਾ ਹੋਣ ਨਾਲ ਟਰੱਕ ਚਾਲਕ ਭੁੱਖੇ ਮਰ ਰਹੇ ਹਨ। ਜਦਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਗਜ਼ਟ ਵਿੱਚ ਵੀ ਐੱਲਸੀਵੀ ਤੇ ਟਰੱਕ ਜੋ ਕਿ 20 ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ ਹਨ ਤੋਂ 15 ਤੋਂ 25 ਰੁਪਏ ਹੀ ਲਏ ਜਾ ਸਕਦੇ ਹਨ। ਇਕ ਪਾਸੇ 1800 ਰੁਪਏ ਲੈਣੇ ਸਰਾਸਰ ਧੱਕਾ ਹੈ। ਇਸ ਮੌਕੇ ਟੋਲ ਪਲਾਜ਼ਾ ਦੇ ਮੈਨੇਜਰ ਸਰਫ਼ਰਾਜ਼ ਖਾਨ ਨੇ ਯੂਨੀਅਨ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਤੇ ਜਾਇਜ਼ ਮੰਗਾਂ ਨੂੰ ਮੰਨਣ ਦੀ ਹਾਮੀ ਭਰੀ। ਟੋਲ ਪਲਾਜ਼ਾ ਦੇ ਮੈਨੇਜਰ ਦੇ ਭਰੋਸੇ 'ਤੇ ਧਰਨਾ ਚੁੱਕ ਲਿਆ।