ਸੁਰਜੀਤ ਸਿੰਘ ਜੰਮੂ , ਲੋਹੀਆਂ ਖ਼ਾਸ

ਡਾ. ਬੀਆਰ ਅੰਬੇਡਕਰ ਸਭਾ ਕਾਕੜ ਕਲਾਂ (ਪੰਜਾਬ) ਨੇ ਜਗਤਾਰ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਹਮਖ਼ਿਆਲੀ ਜਥੇਬੰਦੀਆਂ ਦੀ ਹਮਾਇਤ ਨਾਲ ਥਾਣੇ ਦੇ ਅੱਗੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਜਾਣਕਾਰੀ ਅਨੁਸਾਰ 4 ਅਪ੍ਰਰੈਲ ਨੂੰ ਕਰਿਫ਼ਊ ਕਾਰਨ ਕੁਝ ਨੌਜਵਾਨਾਂ ਨੇ ਪਿੰਡ ਵਿਖੇ ਨਾਕਾ ਲਗਾ ਕੇ ਠੀਕਰੀ ਪਹਿਰਾ ਦਿੱਤਾ ਸੀ। ਇਸੇ ਦੌਰਾਨ ਜਗਮੀਤ, ਅਮੋਲਕ ਸਿੰਘ, ਜਸਮੇਲ ਸਿੰਘ ਲੰਬੜਦਾਰ ਅਤੇ ਗੁਰਦੀਪ ਉਰਫ਼ ਦੀਪਾ ਜੋ ਨਸ਼ੇ 'ਚ ਧੁੱਤ ਸਨ, ਨੇ ਦਲਿਤ ਨੌਜਵਾਨ ਲਖਬੀਰ ਸਿੰਘ ਵਾਸੀ ਕਾਕੜ ਕਲਾਂ ਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਜਿਸ ਕਰਕੇ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਰਹਿਣਾ ਪਿਆ।

ਰੋਸ ਧਰਨੇ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਰਾਜਨੀਤਕ ਦਬਾਅ ਕਰਕੇ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ। ਸੁਖਦੇਵ ਸਿੰਘ ਐੱਸਐੱਚਓ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੁਦਈ ਧਿਰ ਵੱਲੋਂ ਅਰਜ਼ੀ ਦਿੱਤੀ ਜਾਵੇ ਜਿਸ ਦੀ ਇਨਕੁਆਇਰੀ ਡੀਐੱਸਪੀ ਸ਼ਾਹਕੋਟ ਕਰਨਗੇ ਅਤੇ ਜਾਤੀ ਸੂਚਕ ਸ਼ਬਦ ਕਹੇ ਜਾਣ ਦੀ ਧਾਰਾ ਲਗਾ ਕੇ ਪਰਚਾ ਦਰਜ ਕੀਤਾ ਜਾਵੇਗਾ। ਇਸ ਮੌਕੇ ਪਿਆਰਾ ਸਿੰਘ ਡੀਐੱਸਪੀ ਸ਼ਾਹਕੋਟ ਅਤੇ ਸੁਰਿੰਦਰ ਕੁਮਾਰ ਐੱਸਐੱਚਓ ਸ਼ਾਹਕੋਟ ਵੀ ਪੁੱਜ ਗਏ ਜਿਨ੍ਹਾਂ ਧਰਨਾਕਾਰੀਆਂ ਦੇ ਮੋਹਤਬਰਾਂ ਨੂੰ ਬੁਲਾ ਕੇ ਇਨਕੁਆਇਰੀ ਕੀਤੇ ਜਾਣ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਏ ਜਾਣ 'ਤੇ ਧਰਨਾ ਉਠਾ ਦਿੱਤਾ ਗਿਆ।

ਇਸ ਮੌਕੇ ਮੌਕੇ ਨਿਰਮਲ ਸਿੰਘ ਜਨਰਲ ਸਕੱਤਰ, ਜੀਐੱਸ ਅਟਵਾਲ ਜ਼ਿਲ੍ਹਾ ਸਕੱਤਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਬੂੜ ਸਿੰਘ ਯੋਧਾ ਪੰਜਾਬ ਕਿਸਾਨ ਸਭਾ, ਅਮਰ ਕੁਮਾਰ ਸਾਹਬੀ ਸੀ ਆਈ ਟੀ ਯੂ , ਅਸ਼ੋਕ ਕੁਮਾਰ ਡੀ ਵਾਈ ਐੱਫ ਆਈ ਅਤੇ ਭਾਰਤੀ ਜਨਵਾਦੀ ਨੌਜਵਾਨ ਸਭਾ ਦੇ ਕਾਰਕੁੰਨ ਵੀ ਮੌਜੂਦ ਸਨ।