ਮਹਿੰਦਰ ਰਾਮ ਫੁੱਗਲ਼ਾਣਾ, ਜਲੰਧਰ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਗੁਲਾਮਾਂ ਵਾਂਗ ਵਿਵਹਾਰ ਕਰਨ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਤੋਂ ਤੰਗ ਆ ਕੇ ਦੁਪਹਿਰ 12 ਵਜੇ ਤੋਂ ਸੂਬੇ ਭਰ ਦੇ ਪੰਜਾਬ ਰੋਡਵੇਜ਼ ਦੇ ਡਿਪੂ ਬੰਦ ਕਰ ਕੇ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਗਟਾਇਆ। ਜਲੰਧਰ 1 ਅਤੇ 2 ਡਿਪੂਆਂ ਦੇ ਗੇਟ 'ਤੇ ਜਥੇਬੰਦੀ ਦੇ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ, ਦਲਜੀਤ ਸਿੰਘ ਜੱਲੇਵਾਲ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀ ਭਾਰਤ ਦੇ ਸੰਵਿਧਾਨ ਦੇ ਉਲਟ ਜਾ ਕੇ ਕੱਚੇ ਮੁਲਾਜ਼ਮਾਂ ਨਾਲ ਤਾਨਾਸ਼ਾਹੀ ਤੇ ਨਿਰਾਦਰ ਭਰਿਆ ਰਵੱਈਆ ਅਪਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਕੱਚੇ ਮੁਲਾਜ਼ਮ ਜੋ ਕਿ ਲੰਬੇ ਰੂਟਾਂ 'ਤੇ ਬੱਸਾਂ ਵਿਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਰਦਾਨ ਕਰਦੇ ਹਨ, ਉਨ੍ਹਾਂ ਦਾ ਰੋਟੀ ਪਾਣੀ ਤਕ ਰਸਤੇ ਵਿਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ। ਜੇਕਰ ਕੋਈ ਮੁਲਾਜ਼ਮ ਕਿਸੇ ਵੀ ਢਾਬੇ ਜਾਂ ਰਸਤੇ ਵਿਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ 'ਤੇ ਬੱਸ ਰੋਕਦਾ ਹੈ ਤਾਂ ਉਸ ਦੀ ਨਾਜਾਇਜ਼ ਰਿਪੋਰਟ ਕਰ ਕੇ ਡਿਊਟੀ ਤੋਂ ਬਗੈਰ ਸੁਣਵਾਈ ਫਾਰਗ ਕਰ ਦਿੱਤਾ ਜਾਂਦਾ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸੁਪਣੇ ਵਿਖਾ ਕੇ ਬਣੀ ਆਮ ਆਦਮੀ ਦੀ ਸਰਕਾਰ 'ਚ ਅਫਸਰਸ਼ਾਹੀ ਬੇਲਗਾਮ ਹੋਈ ਪ੍ਰਤੀਤ ਹੁੰਦੀ ਹੈ। ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਵੀ ਟਰਾਸਪੋਰਟ ਡਾਇਰੈਕਟਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਟਰਾਂਸਪੋਰਟ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ। ਕੱਚੇ ਮੁਲਾਜ਼ਮਾਂ ਦੀ ਬਿਨਾਂ ਮਜਬੂਰੀ ਸਮਝੇ ਜਬਰੀ ਡਿਊਟੀ ਕਰਵਾਈ ਜਾ ਰਹੀ ਹੈ, ਇਸ ਦੇ ਉਲਟ ਰੈਗੂਲਰ ਕਰਮਚਾਰੀਆਂ ਨੂੰ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਡਿਪੂਆਂ 'ਚ ਬਿਠਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮ ਪਨਬਸ ਅਤੇ ਪੀਆਰਟੀਸੀ ਵਿਚ ਪਿਛਲੇ 15 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ ਪਰ ਇੰਨਾ ਸਮਾਂ ਨਿਕਲਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਲਈ ਅਤੇ ਪਨਬਸ ਵਿਚ ਚੋਰ ਮੋਰੀਆਂ ਰਾਹੀਂ ਸਕੈਂਡਲ ਤੇ ਘਪਲੇ ਕਰਨ ਲਈ ਪਨਬਸ ਦੇ ਕੋਈ ਵੀ ਸਰਵਿਸ ਰੂਲ ਤਕ ਨਹੀਂ ਬਣਾਏ ਅਤੇ ਨਾ ਹੀ ਕਿਸੇ ਮੁਲਾਜ਼ਮ ਨੂੰ ਪੱਕਾ ਕਰਨ ਲਈ ਜਾਂ ਕੋਈ ਤਰੱਕੀ ਦੇਣ ਲਈ ਨਿਯਮ ਬਣਾਏ ਹਨ। ਇੱਥੋਂ ਤਕ ਕਿ ਪਨਬਸ ਮੁਲਾਜ਼ਮਾਂ ਨੂੰ ਉਨ੍ਹਾਂ ਤੋਂ ਵੀ ਬਾਅਦ ਵਿਚ ਪੰਜਾਬ ਰੋਡਵੇਜ਼ ਵਿਚ ਭਰਤੀ ਹੋਏ ਮੁਲਾਜ਼ਮਾਂ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਡਿਪੂ ਪ੍ਰਧਾਨ ਗੁਰਪ੍ਰਰੀਤ ਸਿੰਘ ਭੁੱਲਰ, ਸਤਪਾਲ ਸਿੰਘ, ਜਨਰਲ ਸਕੱਤਰ ਚਾਨਣ ਸਿੰਘ, ਰਣਜੀਤ ਸਿੰਘ, ਗੁਰਪਰਕਾਰ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਰਾਮ ਚੰਦ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇ ਵਿਰੋਧੀ ਹੁਕਮ ਵਾਪਸ ਨਾ ਲਏ ਗਏ ਤਾਂ ਪਨਬਸ ਦੇ ਨਾਲ ਨਾਲ ਪੀਆਰਟੀਸੀ ਦੇ ਡਿਪੂ ਵੀ ਬੰਦ ਕੀਤੇ ਜਾਣਗੇ ਅਤੇ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਦਾ ਿਘਰਾਓ ਕੀਤਾ ਜਾਵੇਗਾ।