ਜਤਿੰਦਰ ਪੰਮੀ, ਜਲੰਧਰ

ਦਿੱਲੀ ਦੇ ਤੁਗਲਕਾਬਾਦ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਢਾਹੇ ਗਏ ਰਵਿਦਾਸ ਮੰਦਰ ਦੀ ਉਸਾਰੀ ਦਾ ਵਿਰੋਧ ਕਰ ਰਹੀਆਂ ਰਵਿਦਾਸ ਭਾਈਚਾਰੇ ਦੀਆਂ ਜਥੇਬੰਦੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਜਥੇਬੰਦੀਆਂ ਨੇ ਸ਼ਹਿਰ ਵਿਚ ਜੋਸ਼-ਭਰਪੂਰ ਰੋਸ ਮਾਰਚ ਕੱਿਢਆ। ਇਹ ਰੋਸ ਮਾਰਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀਟੀਬੀ ਨਗਰ ਤੋਂ ਸ਼ੁਰੂ ਹੋ ਕੇ ਮਾਡਲ ਟਾਊਨ ਅਤੇ ਉਥੋਂ ਸਿਵਲ ਲਾਈਨ ਰੋਡ ਹੁੰਦਾ ਹੋਇਆ ਖਾਲਸਾ ਸਕੂਲ ਚੌਕ, ਆਬਾਦਪੁਰਾ ਤੇ ਰਵਿਦਾਸ ਚੌਕ ਤੋਂ ਵਾਪਸ ਜੀਟੀਬੀ ਨਗਰ ਪੁੱਜਾ। ਦਲਿਤ ਆਬਾਦੀ ਵਾਲੇ ਇਲਾਕਿਆਂ 'ਚ ਮਾਰਚ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਕਰੜੇ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਮੰਦਿਰ ਦੀ ਉਸਾਰੀ ਉਸੇ ਸਥਾਨ 'ਤੇ ਦੁਬਾਰਾ ਕਰੇ ਅਤੇ ਜੇਕਰ ਸਰਕਾਰ ਅਸਫਲ ਰਹੀ ਤਾਂ ਉਨ੍ਹਾਂ ਦੇ ਕੋਲ ਜਨ-ਅੰਦੋਲਨ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ। ਉਨ੍ਹਾਂ ਮੰਦਰ ਉਸੇ ਸਥਾਨ 'ਤੇ ਮੁੜ ਸਥਾਪਤ ਕਰਨ ਦੇ ਹੱਕ ਵਿਚ ਨਾਅਰੇ ਵੀ ਲਗਾਏ। ਇਹ ਇਕਜੁੱਟਤਾ ਮਾਰਚ ਤਿੰਨ ਸਿੱਖ ਸੰਗਠਨ ਦਲ ਖਾਲਸਾ, ਅਕਾਲੀ ਦਲ (ਅੰਮਿ੍ਤਸਰ) ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਕੀਤਾ ਗਿਆ ਸੀ। ਇਸ 'ਚ ਵੱਡੀ ਗਿਣਤੀ ਵਿਚ ਬਹੁਜਨ ਮੁਕਤੀ ਪਾਰਟੀ ਦੇ ਕਾਰਕੁਨਾਂ ਨੇ ਵੀ ਹਿੱਸਾ ਲਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਅਤੇ ਕਸ਼ਮੀਰੀਆਂ ਦੀ ਤਰ੍ਹਾਂ ਦਲਿਤਾਂ ਨੂੰ ਵੀ ਪਛਾਣ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਾਂ ਦੀ ਤਰ੍ਹਾਂ ਕਸ਼ਮੀਰੀਆਂ ਅਤੇ ਦਲਿਤਾਂ ਦੀ ਅੱਡਰੀ ਪਛਾਣ 'ਤੇ ਵੀ ਹਮਲਾ ਕੀਤਾ ਜਾ ਰਿਹਾ ਹੈ।

ਮਾਰਚ ਦੀ ਅਗਵਾਈ ਕਰ ਰਹੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਾਰਚ ਦਾ ਉਦੇਸ਼ ਰਵਿਦਾਸ ਭਾਈਚਾਰੇ ਨਾਲ ਇਕਜੁਟਤਾ ਜ਼ਾਹਰ ਕਰਨਾ ਅਤੇ ਦਿੱਲੀ ਸਰਕਾਰ ਨੂੰ ਸਖਤ ਚਿਤਾਵਨੀ ਦੇਣਾ ਹੈ ਕਿ ਉਹ ਉਸੇ ਜਗ੍ਹਾ 'ਤੇ ਮੰਦਰ ਦਾ ਪੁਨਰ ਨਿਰਮਾਣ ਕਰੇ। ਤਿੱਖਾ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਜਿੱਥੇ ਕਸ਼ਮੀਰੀ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ, ਉਥੇ ਹੀ ਮੰਦਰ ਨੂੰ ਢਾਹ ਕੇ ਰਵਿਦਾਸੀਆ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਤਹਿਸ-ਨਹਿਸ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸਿੱਖ, ਰਵਿਦਾਸੀ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ 'ਚ ਕਾਨਫਰੰਸ ਕਰਕੇ ਮੰਦਰ ਨੂੰ ਢਾਹੁਣ ਅਤੇ ਰਵਿਦਾਸ ਭਾਈਚਾਰੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਸਰਕਾਰ ਦੀ ਸਖਤ ਨਿਖੇਧੀ ਕੀਤੀ। ਮਤੇ ਵਿਚ ਇਕੱਠ ਨੇ ਦੇਸ਼ ਦੀ ਹਕੂਮਤ ਦੀ ਗੁਲਾਮੀ ਵਿਰੱੁਧ ਲੜਨ ਅਤੇ ਮੰਦਰ ਦੀ ਮੁੜ ਉਸਾਰੀ ਲਈ ਵਚਨਬੱਧਤਾ ਦੁਹਰਾਈ।

ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿੱਖ, ਦੱਬੇ-ਕੁਚਲੇ ਲੋਕਾਂ ਅਤੇ ਭਾਈਚਾਰਿਆਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਕਿਉਂਕਿ ਸਿੱਖ ਵੀ ਪਿਛਲੇ 40 ਸਾਲਾ ਤੋਂ ਦਿੱਲੀ ਦੇ ਜ਼ੁਲਮਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਸ਼ਮੀਰ ਦੀ ਮਿਸਾਲ ਸਾਡੇ ਸਾਹਮਣੇ ਹੈ, ਕਿਵੇਂ ਉੱਥੋਂ ਦੇ ਲੋਕਾਂ ਦੀ ਆਵਾਜ਼ ਦਬਾਅ ਦਿੱਤੀ ਗਈ ਹੈ, ਕਿਵੇਂ ਸਰਕਾਰੀ ਅੰਨ੍ਹੀ ਤਾਕਤ ਨਾਲ ਲੋਕਾਂ ਦੇ ਹੱਕ ਖੋਹੇ ਗਏ ਹਨ, ਲੋਕਾਂ ਨੂੰ ਬੰਦੂਕ ਦੀ ਨੋਕ 'ਤੇ ਘਰਾਂ ਅੰਦਰ ਕੈਦੀ ਬਣਾ ਕੇ ਰੱਖਿਆ ਗਿਆ ਹੈ ਅਤੇ ਇਹ ਸਾਰਾ ਢਕਵੰਜ ਲੋਕਤੰਤਰ ਦੇ ਬੁਰਕੇ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਬਰ ਦਾ ਕੁਹਾੜਾ ਅੱਜ ਕਸ਼ਮੀਰੀਆਂ 'ਤੇ ਚੱਲ ਰਿਹਾ ਹੈ, ਅਗਲੀ ਵਾਰੀ ਸਾਡੀ ਹੈ। ਜੇਕਰ ਅੱਜ ਅਸੀਂ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮਾਂ ਵਿਰੁੱਧ ਨਾ ਬੋਲੇ, ਨਾ ਉਠੇ ਤਾਂ ਕੱਲ੍ਹ ਨੂੰ ਸਾਡੀ ਵਾਰੀ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਨਾ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਵਿਚ ਰਵਿਦਾਸ ਜੀ ਦੀ ਬਾਣੀ ਦਰਜ ਹੈ ਜੋ ਸਾਡੀ ਰਵਿਦਾਸੀਆ ਭਾਈਚਾਰੇ ਨਾਲ ਡੂੰਘੀ ਸਾਂਝ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਇਸ ਜ਼ੁਲਮੀ ਪੰਜੇ ਵਿਚੋਂ ਕਿਵੇਂ ਮੁਕਤ ਹੋਇਆ ਜਾਵੇ, ਆਪਣੇ ਇਸ਼ਟ ਅਤੇ ਧਾਰਮਿਕ ਸਥਾਨਾਂ ਦੀ ਹੁੰਦੀ ਆ ਰਹੀ ਬੇਅਦਬੀ ਨੂੰ ਕਿਵੇਂ ਰੋਕਿਆ ਜਾਵੇ, ਆਪਣੀ ਅੱਡਰੀ ਪਛਾਣ ਨੂੰ ਕਿਵੇਂ ਸੁਰੱਖਿਅਤ ਰਖਿਆ ਜਾਵੇ। ਇਨ੍ਹਾਂ ਸਵਾਲਾਂ ਦਾ ਜੁਆਬ ਸਾਡੀ ਏਕਤਾ ਤੇ ਇਕਜੁੱਟਤਾ ਵਿਚ ਪਿਆ ਹੈ।

ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸਰਕਾਰ ਵੱਲੋਂ ਮੰਦਰ ਢਾਹੁਣ ਵਿਚ ਦਿਖਾਈ ਗਈ ਗੈਰ-ਸੰਵੇਦਨਸ਼ੀਲਤਾ ਅਤੇ ਹਿਮਾਕਤ ਨਾਲ ਹਜ਼ਾਰਾਂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ।

ਮਾਰਚ ਵਿਚ ਸ਼ਾਮਲ ਮੁਜ਼ਾਹਰਾਕਾਰੀਆਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਚੋਂ ਕੁਝ ਉੱਤੇ ਰਵਿਦਾਸੀਆ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ ਸੰਦੇਸ਼ ਲਿਖੇ ਹੋਏ ਸਨ ਅਤੇ ਬਾਕੀਆਂ ਉੱਪਰ 'ਧਾਰਮਿਕ ਸਥਾਨਾਂ (ਮੰਦਰ, ਮਸਜਿਦ, ਗੁਰਦੁਆਰਾ) ਨੂੰ ਢਾਹੁਣਾ ਗੁਨਾਹ ਹੈ' ਵਰਗੇ ਨਾਅਰੇ ਲਿਖੇ ਹੋਏ ਸਨ। ਸਿੱਖੀ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਭਾਰਤ ਮੁਕਤੀ ਮੋਰਚਾ ਦੇ ਪ੍ਰਧਾਨ ਰਾਜਿੰਦਰ ਰਾਣਾ ਦੀ ਅਗਵਾਈ ਹੇਠ ਨੌਜਵਾਨ ਕਾਰਕੁਨਾਂ ਨੇ ਏਕਤਾ ਦੀ ਤਸਵੀਰ ਪੇਸ਼ ਕਰਦਿਆਂ ਇਕ ਦੂਜੇ ਭਾਈਚਾਰੇ ਦੇ ਝੰਡੇ ਫੜੇ ਹੋਏ ਸਨ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਅਤੇ ਬਹੁਜਨ ਸਮਾਜ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਇਸ ਮੌਕੇ ਜਸਕਰਨ ਸਿੰਘ ਕਾਹਨਸਿੰਘ ਵਾਲਾ, ਪੋਫੈਸਰ ਮੁਹਿੰਦਰ ਪਾਲ ਸਿੰਘ, ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀਟੀਬੀ ਨਗਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ ਅਤੇ ਸੰਤ ਸਮਾਜ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।