ਅਮਰਜੀਤ ਸਿੰਘ ਵੇਹਗਲ, ਜਲੰਧਰ : ਪ੍ਰਰੈੱਸ ਕਲੱਬ ਵਿਚ ਦਾਸਤਾਨ ਏ ਸਰਹਿੰਦ ਕਾਰਟੂਨ ਫਿਲਮ ਦੇ ਵਿਰੋਧ ਵਿਚ ਆਵਾਜ਼-ਏ-ਕੌਮ ਜਥੇਬੰਦੀ, ਅੱਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਉਤਰ ਆਈਆਂ ਹਨ।

ਜਥੇਬੰਦੀਆਂ ਵਿਰੋਧ ਕਰਦਿਆਂ ਆਵਾਜ਼ ਏ ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਕਾਰਟੂਨ ਫਿਲਮਾਂ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਬੁੱਤ ਪ੍ਰਸਤੀ ਵੱਲ ਧੱਕਣ ਦੀ ਇਕ ਗਿਣੀ ਮਿੱਥੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀਂ ਕਿ ਸਿੱਖੀ ਅੰਦਰ ਗੁਰੂ ਸਾਹਿਬ, ਗੁਰੂ ਪਰਿਵਾਰ ਅਤੇ ਸਤਿਕਾਰਯੋਗ ਸਿੰਘਾਂ ਦਾ ਸੁਆਂਗ ਨਹੀਂ ਰਚਿਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਕਈ ਕਾਰਟੂਨ ਫਿਲਮਾਂ ਦੇ ਬਾਵਜੂਦ ਲਗਾਤਾਰ ਇਕ ਹੋਰ ਸਾਜ਼ਿਸ਼ ਤਹਿਤ ਇਹ ਫਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸੁਝਾਅ ਰੂਪ ਵਿਚ ਕਿਹਾ ਕਿ ਪੰਥ ਨੂੰ ਇਕ ਮਜ਼ਬੂਤ ਪੈਨਲ ਬਣਾਉਣਾ ਚਾਹੀਦਾ ਹੈ ਜੋ ਬੜੀ ਦੂਰ ਅੰਦੇਸ਼ੀ ਨਾਲ ਨਵੀਂ ਤਕਨੀਕ ਨਾਲ ਸਿੱਖੀ ਦਾ ਪ੍ਰਚਾਰ ਕਰਨ ਵਾਲੀਆਂ ਗਤੀ ਵਿਧੀਆਂ 'ਤੇ ਪੂਰਾ ਗੌਰ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਸ਼ੋ੍ਮਣੀ ਕਮੇਟੀ ਵੱਲੋਂ ਇਕ ਪੈਨਲ ਪਹਿਲਾਂ ਵੀ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਉਸ ਦੀ ਭੂਮਿਕਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਰਹੀ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਗੁਰੂ ਕਾਲ ਵਿਚ ਵੀ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਆਪ ਦੀ ਯਾਦ ਬਣਾਉਣੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਨੇ ਬੜੀ ਸਖਤੀ ਨਾਲ ਸਿੱਖਾਂ ਨੂੰ ਮਨਾਂ ਕਰਦੇ ਹੋਏ ਕਿਹਾ ਸੀ ਕਿ 'ਗੁਰ ਮੂਰਤਿ ਗੁਰੁ ਸ਼ਬਦੁ ਹੈ' ਇਸ ਲਈ ਜਦ ਵੀ ਸਾਡੇ ਦਰਸ਼ਨ ਕਰਨੇ ਸ਼ਬਦ ਵਿਚੋਂ ਕੀਤੇ ਜਾਣ। ਇਸ ਮੌਕੇ ਹਰਜਿੰਦਰ ਸਿੰਘ ਜਥਾ ਨੀਲੀਆਂ ਫੌਜਾਂ, ਉਂਕਾਰ ਸਿੰਘ ਵਾਰਿਸ ਪੰਜਾਬ ਦੇ, ਗੁਰਮੀਤ ਸਿੰਘ ਦੀਵਾਨ ਅਸਥਾਨ ਵੱਲੋਂ ਸਮੂਹ ਸਿੰਘ ਸਭਾਵਾਂ ਜਲੰਧਰ, ਪਰਮਿੰਦਰ ਸਿੰਘ ਦਸਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਦਿਲਬਾਗ ਸਿੰਘ, ਨਿਰਵੈਰ ਸਿੰਘ ਸਾਜਨ ਨੇ ਸਾਂਝੇ ਰੂਪ ਵਿਚ ਕਿਹਾ ਕਿ ਇਹ ਫਿਲਮ ਦਾਸਤਾਂ-ਏ-ਸਰਹਿੰਦ ਤੇ ਪੂਰਨ ਰੂਪ ਵਿਚ ਪਾਬੰਦੀ ਲੱਗਣੀ ਚਾਹੀਦੀ ਹੈ।