ਰਾਕੇਸ਼ ਗਾਂਧੀ, ਜਲੰਧਰ : ਨਕੋਦਰ ਚੌਕ 'ਚ ਉਸ ਵੇਲੇ ਕੁਝ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਟ੍ੈਫਿਕ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਉਨ੍ਹਾਂ 'ਚੋਂ ਇਕ ਦੁਕਾਨਦਾਰ ਦੀ ਟਰੈਕਟਰ-ਟਰਾਲੀ ਨੂੰ ਨੋ ਐਂਟਰੀ 'ਚ ਜਾਣ ਤੋਂ ਰੋਕਿਆ ਗਿਆ ਤੇ ਉਸ ਦਾ ਕੋਈ ਦਸਤਾਵੇਜ਼ ਨਾ ਹੋਣ ਕਾਰਨ ਜ਼ਬਤ ਕਰ ਲਿਆ ਗਿਆ। ਟ੍ੈਫਿਕ ਪੁਲਿਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਨਕੋਦਰ ਚੌਕ 'ਚ ਨਾਕੇਬੰਦੀ ਕੀਤੀ ਹੋਈ ਸੀ ਕਿ ਇਕ ਟਰੈਕਟਰ-ਟਰਾਲੀ ਨੋ ਐਂਟਰੀ ਜ਼ੋਨ 'ਚ ਵੜ ਗਈ ਤਾਂ ਏਐੱਸਆਈ ਨੇ ਉਸ ਨੂੰ ਪਿੱਛਾ ਕਰ ਕੇ ਰੋਕਿਆ ਤੇ ਉਸ ਦੇ ਕਾਗਜ਼ਾਤ ਦਿਖਾਉਣ ਨੂੰ ਕਿਹਾ ਪਰ ਚਾਲਕ ਕੋਲ ਕੋਈ ਵੀ ਕਾਗਜ਼ਾਤ ਨਾ ਹੋਣ ਕਾਰਨ ਪੁਲਿਸ ਨੇ ਉਕਤ ਟਰੈਕਟਰ-ਟਰਾਲੀ ਕਬਜ਼ੇ 'ਚ ਲੈ ਲਈ। ਡਰਾਈਵਰ ਨੇ ਜਾ ਕੇ ਦੁਕਾਨ ਦੇ ਮਾਲਕ ਨੂੰ ਇਹ ਗੱਲ ਦੱਸੀ ਤਾਂ ਉਹ ਕੁਝ ਹੋਰ ਦੁਕਾਨਦਾਰਾਂ ਨੂੰ ਨਾਲ ਲੈ ਕੇ ਨਕੋਦਰ ਚੌਕ 'ਚ ਪੁੱਜਾ ਜਿੱਥੇ ਉਨ੍ਹਾਂ ਦੀ ਏਐੱਸਆਈ ਨਾਲ ਬਹਿਸਬਾਜ਼ੀ ਵੀ ਹੋ ਗਈ। ਦੁਕਾਨਦਾਰਾਂ ਨੇ ਚੌਕ 'ਚ ਹੀ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਕਰਨ ਲੱਗੇ। ਧਰਨੇ ਦੀ ਸੂਚਨਾ ਮਿਲਦੇ ਹੀ ਏਸੀਪੀ ਟ੍ੈਫਿਕ ਜੰਗਬਹਾਦਰ ਸ਼ਰਮਾ ਮੌਕੇ 'ਤੇ ਪੁੱਜੇ ਤੇ ਦੁਕਾਨਦਾਰਾਂ ਦੀ ਗੱਲਬਾਤ ਸੁਣੀ ਪਰ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਖ਼ਤ ਲਹਿਜ਼ੇ 'ਚ ਕਿਹਾ ਕਿ ਕਿਸੇ ਵੀ ਟਰੈਕਟਰ-ਟਰਾਲੀ ਨੂੰ ਨੋ ਐਂਟਰੀ ਜ਼ੋਨ 'ਚ ਵੜਨ ਦੀ ਇਜਾਜ਼ਤ ਨਹੀਂ ਹੈ ਤੇ ਜਿਹੜਾ ਇੰਜ ਕਰੇਗਾ ਉਸ ਦਾ ਚਲਾਨ ਹੋਵੇਗਾ ਹੀ ਹੋਵੇਗਾ। ਦੁਕਾਨਦਾਰਾਂ ਦੇ ਕਹਿਣ 'ਤੇ ਏਸੀਪੀ ਜੰਗ ਬਹਾਦਰ ਨੇ ਟਰਾਲੀ ਦੁਕਾਨਦਾਰ ਵੱਲੋਂ ਟਰੈਕਟਰ ਟਰਾਲੀ ਦੀ ਆਰਸੀ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕਰ ਦਿੱਤੀ, ਜਦ ਏਸੀਪੀ ਟ੍ੈਫਿਕ ਜੰਗ ਬਹਾਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਧਰਨਾ ਲਾ ਕੇ ਪੁਲਿਸ 'ਤੇ ਦਬਾਅ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਗਲਤੀ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੀ ਜਾਵੇਗੀ। ਦੁਕਾਨਦਾਰਾਂ ਨੇ ਜਿਹੜੇ ਦੋਸ਼ ਏਐੱਸਆਈ 'ਤੇ ਲਾਏ ਹਨ ਉਸ ਦੀ ਜਾਂਚ ਕੀਤੀ ਜਾਵੇਗੀ ਜੇ ਜਾਂਚ ਮਗਰੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।