ਹੰਸ ਰਾਜ ਪ੍ਰਰੀਤ, ਜੰਡਿਆਲਾ ਮੰਜਕੀ : ਕਸਬਾ ਜੰਡਿਆਲਾ ਮੰਜਕੀ ਦੇ ਸਥਾਨਕ ਡਾਕਘਰ ਦੀਆਂ ਨਾਕਸ ਸੇਵਾਵਾਂ ਤੋਂ ਡਾਢੇ ਪਰੇਸ਼ਾਨ ਲੋਕਾਂ ਨੇ ਡਾਕਘਰ ਦੇ ਬਾਹਰ ਰੋਸ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਡਾਕਘਰ ਦੀਆਂ ਸੇਵਾਵਾਂ ਸਟਾਫ ਦੀ ਕਮੀ ਹੋਣ ਕਾਰਨ ਪ੍ਰਭਾਵਿਤ ਹਨ। ਇਨ੍ਹਾਂ ਦਿਨਾਂ ਵਿਚ ਸਥਾਨਕ ਇਲਾਕੇ ਦੇ ਲੋਕਾਂ ਲਈ ਡਾਕ ਰਾਹੀਂ ਜੋ ਸਾਮਾਨ, ਚਿੱਠੀਆਂ, ਰਜਿਸਟਰੀਆਂ ਆਦਿ ਆ ਰਹੀਆਂ ਹਨ, ਉਹ ਵੀ ਲੋਕਾਂ ਤਕ ਸਮੇਂ ਸਿਰ ਨਹੀਂ ਪਹੁੰਚ ਰਹੀਆਂ। ਡਾਕਘਰ ਦੇ ਮੁੱਖ ਅਧਿਕਾਰੀ ਦੇ ਛੁੱਟੀ 'ਤੇ ਹੋਣ ਦੇ ਨਾਲ-ਨਾਲ ਉਸ ਤੋਂ ਹੇਠਲੇ ਅਧਿਕਾਰੀ ਜੋ ਕਿ ਮੁਖ ਅਧਿਕਾਰੀ ਪਿੱਛੋਂ ਕੰਮ ਕਰਨ ਲਈ ਜ਼ਿੰਮੇਵਾਰ ਹਨ, ਵੀ ਛੁੱਟੀ 'ਤੇ ਗਏ ਹੋਏ ਹਨ। ਮੌਜੂਦਾ ਸਮੇਂ ਵਿਚ ਹਾਜ਼ਰ ਅਧਿਕਾਰੀ ਵੱਲੋਂ ਵੀ ਡਾਕਘਰ ਦੇ ਕੰਮ ਦੀ ਰਫ਼ਤਾਰ ਤੇਜ਼ ਨਹੀਂ ਹੋ ਰਹੀ। ਸਥਾਨਕ ਕਸਬੇ ਦਾ ਡਾਕਘਰ ਕਪੂਰਥਲਾ ਡਾਕਘਰ ਦਫ਼ਤਰ ਦੇ ਅਧੀਨ ਆਉਂਦਾ ਹੈ ਤੇ ਕਸਬੇ ਦੇ ਲੋਕਾਂ ਵੱਲੋਂ ਕਈ ਵਾਰ ਸਬੰਧਤ ਦਫ਼ਤਰ ਵਿਚ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਡਾਕਘਰ ਦੀਆਂ ਠੱਪ ਪਈਆਂ ਸੇਵਾਵਾਂ ਕਾਰਨ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਕੰਮ ਨਾ ਹੋਣ ਦੀ ਸੂਰਤ ਵਿਚ ਖੱਜਲ ਖੁਆਰ ਹੋ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਹੋਰ ਪਿੰਡਾਂ ਦੇ ਡਾਕ ਘਰਾਂ ਵਿਚ ਜਾਣਾ ਪੈ ਰਿਹਾ ਹੈ। ਡਾਕਘਰ ਦੇ ਬਾਹਰ ਸਥਾਨਕ ਲੋਕਾਂ ਦੀ ਇਕੱਤਰਤਾ ਦੌਰਾਨ ਕਸਬੇ ਦੇ ਸਰਪੰਚ ਕਾਮਰੇਡ ਮੱਖਣ ਲਾਲ ਪੱਲਣ ਨੇ ਜਾਣਕਾਰੀ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਡਾਕਘਰ ਵਿਚ ਆਧਾਰ ਕਾਰਡ ਸਬੰਧੀ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਪਈਆਂ ਹੋਈਆਂ ਹਨ ਤੇ ਬਾਕੀ ਕੰਮ ਵੀ ਸੁਚੱਜੇ ਢੰਗ ਨਾਲ ਨਹੀਂ ਹੋ ਰਹੇ। ਸਥਾਨਕ ਸੇਵਾ ਕੇਂਦਰ ਪੂਰਨ ਤੌਰ 'ਤੇ ਬੰਦ ਹੋਣ ਕਾਰਨ ਲੋਕਾਂ ਨੂੰ ਆਧਾਰ ਕਾਰਡ ਵਿਚ ਦਰੁਸਤੀ ਜਾਂ ਨਵੇਂ ਆਧਾਰ ਕਾਰਡ ਬਣਾਉਣ ਲਈ ਡਾਕਖਾਨੇ ਦਾ ਸਹਾਰਾ ਲੈਣਾ ਪੈਂਦਾ ਹੈ ਪਰੰਤੂ ਸੇਵਾਵਾਂ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਟਾਫ ਦੀ ਪੂਰਤੀ ਕਰ ਕੇ ਡਾਕਘਰ ਦੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਸ਼ੁਰੂ ਕੀਤੀਆਂ ਜਾਣ। ਇਸ ਮੌਕੇ ਤਰਸੇਮ ਸਿੰਘ, ਮੈਂਬਰ ਪੰਚਾਇਤ ਮਲਕੀਤ ਸਿੰਘ, ਪਵਨ ਕੁਮਾਰ ਮੈਹਨ, ਰਿੰਕੂ ਮੈਹਨ, ਦੀਪਕ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।