ਪੱਤਰ ਪ੍ਰਰੇਰਕ, ਕਰਤਾਰਪੁਰ : ਨੇੜਲੇ ਪਿੰਡ ਬੱਖੂਨੰਗਲ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਪੱਛਮੀ ਦੇ ਅਧਿਕਾਰੀਆਂ ਵੱਲੋਂ ਪੰਚਾਇਤ ਨਾਲ ਮਿਲ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਨ ਦੇ ਕੀਤੇ ਐਲਾਨ ਦਾ ਪੇਂਡੂ ਮਜਦੂਰਾਂ ਨੇ ਵਿਰੋਧ ਕੀਤਾ। ਅੱਜ ਬੋਲੀ ਕਰਵਾਉਣ ਗਏ ਬਲਾਕ ਦਫਤਰ ਦੇ ਅਧਿਕਾਰੀਆਂ ਨੂੰ ਪੇਂਡੂ ਮਜ਼ਦੂਰਾਂ ਦੇ ਵਿਰੋਧ ਕਾਰਨ ਬਿਨ੍ਹਾਂ ਬੋਲੀ ਕਰਵਾਏ ਵਾਪਿਸ ਪਰਤਣਾ ਪਿਆ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸਥਾਨਕ ਆਗੂ ਜਸਵੀਰ ਸਿੰਘ ਤੇ ਪਰਮਜੀਤ ਕੌਰ ਮੀਕੋ ਨੇ ਦੱਸਿਆ ਕਿ ਪੇਂਡੂ ਮਜ਼ਦੂਰਾਂ ਵਲੋਂ ਲੰਮਾ ਸੰਘਰਸ਼ ਕਰਕੇ ਪਿਛਲੀ ਪੰਚਾਇਤ ਵੇਲੇ ਗ੍ਰਾਮ ਸਭਾ ਦਾ ਇਜਲਾਸ ਕਰਕੇ ਲੋੜਵੰਦ ਬੇਘਰੇ ਅਤੇ ਬੇਜਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ ਦਾ ਮਤਾ ਪਾਸ ਕਰਵਾਇਆ ਗਿਆ ਸੀ। ਜਿਸ 'ਤੇ ਬਲਾਕ ਦਫਤਰ ਨੇ ਸਿਆਸੀ ਦਬਾਅ ਹੇਠ ਕੋਈ ਅਮਲ ਨਹੀਂ ਕੀਤਾ। ਅਫਸਰਸ਼ਾਹੀ, ਪੇਂਡੂ ਚੌਧਰੀਆਂ, ਹਾਕਮ ਜਮਾਤਾਂ ਦੇ ਸਿਆਸਤਦਾਨਾਂ ਨਾਲ ਗਠਜੋੜ ਬਣਾ ਕੇ ਮਜਦੂਰਾਂ ਨੂੰ ਮਿਲਣ ਵਾਲੇ ਪਲਾਟਾਂ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਪੇਂਡੂ ਧਨਾਢ ਤੇ ਪੇਂਡੂ ਚੌਧਰੀ ਪੰਚਾਇਤੀ ਜ਼ਮੀਨਾਂ 'ਤੇ ਆਪਣੀ ਅੱਖ ਟਿਕਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸਨ ਨੇ ਪਾਸ ਕੀਤੇ ਗਏ ਮਤੇ ਉੱਪਰ ਕਈ ਮਹੀਨੇ ਕੋਈ ਕਾਰਵਾਈ ਕਰ ਕੇ ਪਲਾਟ ਅਲਾਟ ਨਹੀਂ ਕੀਤੇ ਤਾਂ ਮਜਬੂਰਨ ਮਜ਼ਦੂਰਾਂ ਵਲੋਂ ਆਪਣੇ ਪਲਾਟਾਂ ਦੀ ਖੁਦ ਨਿਸ਼ਾਨਦੇਹੀ ਕਰਕੇ ਮਕਾਨਾਂ ਦੀ ਉਸਾਰੀ ਕਰ ਲਈ ਗਈ। ਉਨ੍ਹਾਂ ਕਿਹਾ ਬਣਦਾ ਹੱਕ ਦੇਣ ਦੀ ਥਾਂ ਰਿਹਾਇਸ਼ੀ ਪਲਾਟਾਂ ਵਾਲੀ ਇਸ ਜਮੀਨ ਤੋਂ ਬਲਾਕ ਦਫਤਰ ਅਤੇ ਪਿੰਡ ਦੀ ਪੰਚਾਇਤ ਉਜਾੜਨਾ ਚਾਹੁੰਦੇ ਹਨ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕੀਤੇ ਜਾਣ, ਪਲਾਟਾਂ ਲਈ ਜਮੀਨ ਛੱਡ ਕੇ ਬਾਕੀ ਬਚਦੀ ਜ਼ਮੀਨ ਦੀ ਬੋਲੀ ਕੀਤੀ ਜਾਵੇ।