ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਦੇਸ਼ ਦੀਆਂ ਦਸ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈੱਡਰੇਸ਼ਨਾਂ ਦੇ ਸੱਦੇ 'ਤੇ ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇ ਗੰਢ 'ਤੇ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਤੇ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਕਰਨ ਖ਼ਿਲਾਫ਼ ਜ਼ਿਲ੍ਹਾ ਜਲੰਧਰ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਨੇ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰ, ਕਿਸਾਨ, ਮੁਲਾਜ਼ਮ ,ਆਂਗਨਵਾੜੀ ਵਰਕਰਜ਼, ਮਿਡ ਡੇ ਮੀਲ ਵਰਕਰਜ਼, ਆਸ਼ਾ ਵਰਕਰਜ਼ ਇਕੱਤਰ ਹੋਏ। ਜਿਸ ਦੀ ਅਗਵਾਈ ਸੀਟੀਯੂ ਦੇ ਹਰੀ ਮੁਨੀ ਸਿੰਘ, ਸੀਆਈਟੀਯੂ ਦੇ ਕੇਵਲ ਸਿੰਘ ਹਜ਼ਾਰਾ, ਕਿ੍ਸ਼ਨਾ ਪੁਆਦੜਾ ਤੇ ਪ. ਸ. ਸ. ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸਾਂਝੇ ਤੌਰ 'ਤੇ ਕੀਤੀ। ਇਸ ਸਮੇਂ ਰਾਮ ਕਿ੍ਸ਼ਨ, ਕਿ੍ਸ਼ਨਾ ਪੁਆਦੜਾ, ਨਿਰਮੋਲਕ ਸਿੰਘ ਹੀਰਾ, ਤਰਸੇਮ ਲਾਲ ਰੇਲਵੇ,ਰਾਜੇਸ਼ ਥਾਪਾ ਏਟਕ,ਪੁਸ਼ਪਿੰਦਰ ਕੁਮਾਰ ਵਿਰਦੀ, ਸੁਖਜੀਤ ਕੌਰ,ਮਲਕੀਤ ਖਾਂਬਰਾ, ਕੁਲਦੀਪ ਸਿੰਘ ਕੌੜਾ;ਨਸੀਬ ਚੰਦ ਬੱਬੀ ਤਰਕਸ਼ੀਲ, ਮਲਕੀਤ ਭੋਏਪੁਰੀ,ਰਾਮ ਵਿਜਾਰਥ ਸ਼ੁਕਲਾ, ਪਰਨਾਮ ਸਿੰਘ ਸੈਣੀ, ਜਗੀਰ ਸਿੰਘ, ਬਿਮਲਾ ਰਾਣੀ ਕਰਤਾਰਪੁਰ, ਸਰਬਜੀਤ ਕੌਰ, ਬਲਵੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਜਨਤਕ ਅਦਾਰਿਆਂ ਤੇ ਸਰਕਾਰੀ ਅਦਾਰਿਆਂ ਦਾ ਬੜੀ ਤੇਜੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰ ਜੁੰਡਲੀ ਦੇ ਹਵਾਲੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ਦੇ ਨਾਂ 'ਤੇ ਜਨਤਾ ਦੇ ਖੂਨ ਪਸੀਨੇ ਨਾਲ ਖੜ੍ਹੇ ਕੀਤੇ ਗਏ ਸਰਵਜਨਕ ਖੇਤਰਾਂ ਨੂੰ ਨਿੱਜੀ ਹੱਥਾਂ 'ਚ ਸੌਂਪਣ, ਜਨਤਕ ਤੇ ਮਨੁੱਖੀ ਅਧਿਕਾਰਾਂ ਤੇ ਹਮਲੇ ਕਰਨ, ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ, ਕਰਮਚਾਰੀਆਂ ਦੇ ਮਹਿੰਗਾਈ ਭੱਤੇ, ਐੱਲਟੀਸੀ ਤੇ ਤਨਖਾਹ ਵਾਧੇ 'ਤੇ ਰੋਕ ਲਗਾਉਣ, ਮਨਮਾਨੇ ਤਰੀਕੇ ਨਾਲ਼ ਤਨਖ਼ਾਹ ਕਟੌਤੀਆਂ ਕਰਨ, ਲੋਕ ਭਲਾਈ ਕਾਨੂੰਨਾਂ ਨੂੰ ਸਮਾਪਤ ਕਰਨ, ਕੰਮ ਕਰਨ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰਨ, ਕਰਮਚਾਰੀਆਂ ਦੀ ਛਾਂਟੀ ਕਰਨ, ਅਸਹਿਮਤੀ ਦੀ ਆਵਾਜ਼ ਨੂੰ ਦਬਾਉਣਾ, ਜਨਵਾਦੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਮੁਲਾਜ਼ਮ ਆਗੂਆਂ ਵਰਗੇ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ 'ਚ ਡੱਕਣ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਤੇ ਪੂੰਜੀਪਤੀਆਂ ਦੇ ਹਿਤਾਂ ਦੀ ਰਾਖੀ ਲਈ ਨਵਉਦਾਰੀ- ਕਰਨ,ਨਿਜੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦੇ ਖ਼ਿਲਾਫ਼ ਇਹ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ ।