ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਲੋਹੜੀ ਦਾ ਤਿਉਹਾਰ ਕਾਲ਼ੇ ਖੇਤੀ ਕਾਨੂੰਨਾਂ ਦੀ ਧੂਣੀ ਬਾਲ਼ ਕੇ ਮਨਾਇਆ। ਦੇਸ਼ ਭਗਤ ਯਾਦਗਾਰ ਹਾਲ ਦੇ ਖੁੱਲੇ ਘਾਹ ਪਾਰਕ ਅੱਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਦੇ ਗੇਟ ਕੋਲ ਲਗਾਈ ਧੂਣੀ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਅੌਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕਿ੍ਸ਼ਨਾ ਅਤੇ ਇਸ ਮੌਕੇ ਜੁੜੇ ਕਿੰਨੀਆਂ ਹੀ ਸਾਹਿਤਕ, ਸਭਿਆਚਾਰਕ, ਸਮਾਜਕ, ਨੌਜਵਾਨ, ਤਰਕਸ਼ੀਲ, ਜਮਹੂਰੀ ਸੰਸਥਾਵਾਂ ਦੇ ਪ੍ਰਤੀਨਿੱਧਾਂ ਦੀ ਅਗਵਾਈ 'ਚ ਕਾਰਕੁੰਨਾਂ ਨੇ ਸ਼ਿਰਕਤ ਕੀਤੀ ਅਤੇ ਇਕੱਠ ਨੇ ਕਾਲ਼ੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਮੰਗ ਕੀਤੀ ਕਿ ਮੋਦੀ ਸਰਕਾਰ ਬਿਨਾਂ ਕਿਸੇ ਦੇਰੀ ਦੇ ਸਾਰੇ ਕਾਲ਼ੇ ਕਾਨੂੰਨ ਤੁਰੰਤ ਰੱਦ ਕਰੇ। ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਸਮੂਹ ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਨੂੰ ਯਾਦ ਕਰਦਿਆਂ ਮਾਈ ਭਾਗੋ ਦੀ ਸਿਦਕਦਿਲੀ ਅਤੇ ਅਦੁੱਤੀ ਦੇਣ ਨੂੰ ਵੀ ਸਿਜਦਾ ਕੀਤਾ ਗਿਆ। ਇਸ ਮੌਕੇ ਖੜ੍ਹੇ ਹੋ ਕੇ ਸਮੂਹ ਇਕੱਠ ਨੇ ਉਹਨਾਂ ਸਭਨਾਂ ਨੂੰ ਸਿਜਦਾ ਕੀਤਾ ਜੋ ਖੇਤੀ ਕਾਨੂੰਨਾਂ ਵਿਰੋਧੀ ਇਤਿਹਾਸਕ ਜਨ-ਅੰਦੋਲਨ ਵਿੱਚ ਆਪਣੀਆਂ ਅਨਮੋਲ ਜ਼ਿੰਦਗੀਆਂ ਵਾਰ ਗਏ। ਕਮੇਟੀ ਆਗੂਆਂ ਨੇ ਆਪਣੇ ਸੰਬੋਧਨ 'ਚ ਸੰਘਰਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਆਪਣੀ ਮਹਾਨ ਵਿਰਾਸਤ ਨੂੰ ਬੁਲੰਦ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਹਰ ਸੰਭਵ ਸਹਾਇਤਾ ਕਰਨ ਦਾ ਆਪਣਾ ਫ਼ਰਜ਼ ਅਦਾ ਕਰਦੀ ਰਹੇਗੀ। ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨਿੱਤ ਨਵੀਆਂ ਚਾਲਾਂ ਚੱਲਣੀਆਂ ਅਤੇ ਪੱਤੇ ਖੇਡਣੇ ਬੰਦ ਕਰਕੇ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੱਕੀ ਮੰਗ ਪ੍ਰਵਾਨ ਕਰੇ। ਇਸ ਮੌਕੇ ਕਮੇਟੀ ਵੱਲੋਂ ਸਟਿਕਰ ਵੀ ਜਾਰੀ ਕੀਤਾ ਗਿਆ, ਜਿਸ ਉਪਰ ਗ਼ਦਰ ਪਾਰਟੀ ਦਾ ਝੰਡਾ ਛਾਪ ਕੇ ਲਿਖਿਆ ਗਿਆ ਹੈ; 'ਅਸੀਂ ਕਾਲ਼ੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਅਸੀਂ ਦਿੱਲੀ ਅੰਦੋਲਨ ਦੀ ਹਮਾਇਤ ਕਰਦੇ ਹਾਂ'।
ਸਰਕਾਰ ਬਿਨਾਂ ਕਿਸੇ ਦੇਰੀ ਤਿੰਨੇ ਕਾਨੂੰਨ ਰੱਦ ਕਰੇ : ਕਮੇਟੀ
Publish Date:Wed, 13 Jan 2021 09:43 PM (IST)

