ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਦੀ ਪ੍ਰਰਾਪਰਟੀ ਟੈਕਸ ਬਰਾਂਚ ਵਲੋਂ ਟੈਕਸ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬੁੱਧਵਾਰ ਨੂੰ ਰੋਜ਼ ਪਾਰਕ ਦੇ ਇਕ ਟੈਕਸ ਡਿਫਾਲਟਰ ਦੀ ਰਿਹਾਇਸ਼ ਸੀਲ ਕਰ ਦਿੱਤੀ। ਇਹ ਜਾਣਕਾਰੀ ਦਿੰਦੇ ਹੋਏ ਪ੍ਰਰਾਪਰਟੀ ਟੈਕਸ ਬਰਾਂਚ ਦੇ ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ਕਿ ਹੰਸਰਾਜ ਮਹਿਲਾ ਕਾਲਜ ਦੇ ਪਿਛਲੇ ਪਾਸੇ ਲੱਗਦੇ ਰੋਜ਼ ਪਾਰਕ ਦੀ ਆਬਾਦੀ ਦੇ ਘਰਾਂ ਨੇ ਪਿਛਲੇ 7 ਸਾਲਾਂ ਤੋਂ ਪ੍ਰਰਾਪਰਟੀ ਟੈਕਸ ਦੀ ਅਦਾਇਗੀ ਨਹੀਂ ਕੀਤੀ ਅਤੇ ਉਨ੍ਹਾਂ 'ਤੇ ਲੱਖਾਂ ਰੁਪਏ ਦਾ ਟੈਕਸ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਸੁਪਰਡੈਂਟ ਭੁਪਿੰਦਰ ਸਿੰਘ ਬੜਿੰਗ ਅਤੇ ਰਾਜੀਵ ਰਿਸ਼ੀ ਸਮੇਤ ਪੂਰੀ ਟੀਮ ਨੇ ਅੱਜ ਰੋਜ਼ ਪਾਰਕ ਦੇ 40-45 ਘਰਾਂ ਦੀ ਜਾਂਚ ਕੀਤੀ ਜਿਨ੍ਹਾਂ ਵਿਚੋਂ ਕਿਸੇ ਵੀ ਇਕ ਨੇ ਪਿਛਲੇ 7 ਸਾਲਾਂ ਤੋਂ ਪ੍ਰਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਾਇਆ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਉਨ੍ਹਾਂ ਨੂੰ 7 ਸਾਲਾਂ ਦੇ ਬਕਾਇਆ ਟੈਕਸ ਸਮੇਤ ਰਕਮ ਜਮ੍ਹਾਂ ਕਰਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੈਕਸ ਦੇ ਵਧੇਰੇ ਰਕਮ ਹੋਣ 'ਤੇ ਟੈਕਸ ਕਿਸ਼ਤਾਂ 'ਚ ਜਮ੍ਹਾਂ ਕਰਾਉਣ ਦੀ ਸਹੂਲਤ ਵੀ ਦਿੱਤੀ ਜਾ ਸਕਦੀ ਹੈ ਪਰ ਲੋਕ ਟੈਕਸ ਤਾਂ ਜਮ੍ਹਾਂ ਕਰਾਉਣ। ਉਨ੍ਹਾਂ ਕਿਹਾ ਕਿ ਜੇ ਲੋਕ ਟੈਕਸ ਜਮ੍ਹਾਂ ਨਹੀਂ ਕਰਾਉਂਦੇ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਜਾ ਸਕਦੀਆਂ ਹਨ।